ਅਮਰੀਕਾ ਦੇ ਜਲਵਾਯੂ ਦੂਤ ਕੈਰੀ ਵੱਲੋਂ ਸੰਸਦ ਦਾ ਦੌਰਾ

ਅਮਰੀਕਾ ਦੇ ਜਲਵਾਯੂ ਦੂਤ ਕੈਰੀ ਵੱਲੋਂ ਸੰਸਦ ਦਾ ਦੌਰਾ

ਵਫ਼ਦ ਸਣੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ-
ਭਾਰਤ ਪਹੁੰਚੇ ਜਲਵਾਯੂ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਹਨ ਕੈਰੀ ਨੇ ਅੱਜ ਸੰਸਦ ਦਾ ਦੌਰਾ ਕੀਤਾ। ਕੈਰੀ ਭਾਰਤ ਦੇ ਪੰਜ ਦਿਨਾਂ ਦੇ ਦੌਰੇ ਉਤੇ ਹਨ। ਉਨ੍ਹਾਂ ਦੀ ਅਗਵਾਈ ਵਿਚ ਇਕ ਵਫ਼ਦ ਨੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਕੀਤੀ। ਉਹ ਸੰਸਦ ਭਵਨ ਵਿਚ ਸੀਤਾਰਾਮਨ ਦੇ ਦਫ਼ਤਰ ਵਿਚ ਹੀ ਉਨ੍ਹਾਂ ਨੂੰ ਮਿਲੇ।

ਉਨ੍ਹਾਂ ਵਿੱਤ ਮੰਤਰੀ ਨਾਲ ਮੁਲਾਕਾਤ ਨੂੰ ਉਸਾਰੂ ਕਰਾਰ ਦਿੱਤਾ। ਕੈਰੀ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੇ ਮੁੱਦੇ ਨਾਲ ਸਬੰਧਤ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਭਾਰਤ-ਅਮਰੀਕਾ ਮਿਲ ਕੇ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਗਿਆਨ, ਤਕਨੀਕ ਤੇ ਹੋਰ ਪੱਖਾਂ ਤੋਂ ਵੀ ਸਾਂਝ ਗਹਿਰੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕੈਰੀ ਕੇਂਦਰੀ ਮੰਤਰੀ ਮਹੇਂਦਰ ਨਾਥ ਪਾਂਡੇ ਨੂੰ ਵੀ ਮਿਲੇ। ਪਾਂਡੇ ਨਾਲ ਉਨ੍ਹਾਂ ਸਪਲਾਈ ਲੜੀਆਂ ਵਿਚ ਭਿੰਨਤਾ ਲਿਆਉਣ ਤੇ ਭਾਰਤ ਨੂੰ ਈ-ਟਰੱਕਾਂ ਦੇ ਨਿਰਮਾਣ ਦਾ ਕੇਂਦਰ ਬਣਾਉਣ ਬਾਰੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਕੈਰੀ ਜਲਵਾਯੂ ਤੇ ਸਾਫ-ਸੁਥਰੀ ਊਰਜਾ ਬਾਰੇ ਵਿਚਾਰ-ਚਰਚਾ ਲਈ ਭਾਰਤ ਦੇ ਦੌਰੇ ਉਤੇ ਆਏ ਹਨ। ਅਮਰੀਕਾ ਦੇ ਦੂਤ ਭਾਰਤ ਦੇ ਕਈ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।