ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਦੇਸ਼ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ: ਮੋਦੀ

ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਦੇਸ਼ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਖਾਕੇ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਭਾਰਤ ਹੁਣ ਨਾਲੋਂ ਤੇਜ਼ ਵਿਕਾਸ ਦਰ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ। ਮੋਦੀ ਸਰਕਾਰ ਦੇ 10 ਸਾਲ ਅਗਲੇ ਸਾਲ ਮਈ ’ਚ ਮੁਕੰਮਲ ਹੋਣਗੇ ਅਤੇ ਉਹ ਵਿਕਾਸ ਦੇ ਮੁੱਦੇ ’ਤੇ ਤੀਜੇ ਕਾਰਜਕਾਲ ਦੀ ਮੰਗ ਰਹੇ ਹਨ। ਕੌਮੀ ਰਾਜਧਾਨੀ ਦੇ ਐਨ ਵਿਚਕਾਰ ਬਣੇ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਅਗਲੇ 25 ਸਾਲਾਂ ’ਚ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਦਾ ਟੀਚਾ ਹਾਸਲ ਕਰਨਾ ਹੈ।’’ ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਗਰੀਬੀ ਦਾ ਪੱਕੇ ਤੌਰ ’ਤੇ ਖਾਤਮਾ ਕਰ ਸਕਦਾ ਹੈ। ਰਿਪੋਰਟ ’ਚ 13.5 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਣ ਦੀ ਗੱਲ ਆਖੀ ਗਈ ਹੈ। ਆਪਣੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਹਵਾਈ ਅੱਡਿਆਂ ਤੋਂ ਲੈ ਕੇ ਰੇਲਵੇ ਲਾਈਨ ਦੇ ਬਿਜਲੀਕਰਨ ਅਤੇ ਸਿਟੀ ਗੈਸ ਦੇ ਵਿਸਥਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ 2014 ’ਚ ਭਾਜਪਾ ਦੀ ਸਰਕਾਰ ਬਣੀ ਸੀ ਤਾਂ ਭਾਰਤ 10ਵਾਂ ਸਭ ਤੋਂ ਵੱਡਾ ਅਰਥਚਾਰਾ ਸੀ ਪਰ ਹੁਣ ਮੁਲਕ ਅਮਰੀਕਾ, ਚੀਨ, ਜਰਮਨੀ ਅਤੇ ਜਪਾਨ ਤੋਂ ਬਾਅਦ ਪੰਜਵੇਂ ਨੰਬਰ ’ਤੇ ਹੈ। ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ ਕੰਪਲੈਕਸ ਨੂੰ ਭਾਰਤ ਮੰਡਪਮ ਦਾ ਨਾਮ ਦਿੰਦਿਆਂ ਉਨ੍ਹਾਂ ਕਿਹਾ,‘‘ਅਸੀਂ ਦੇਸ਼ ਪਹਿਲਾਂ, ਨਾਗਰਿਕ ਪਹਿਲਾਂ ਦੇ ਸਿਧਾਂਤ ’ਤੇ ਕੰਮ ਕਰਦਿਆਂ ਭਾਰਤ ਨੂੰ ਵਿਕਸਤ ਮੁਲਕ ਬਣਾਵਾਂਗੇ।’’ ਉਨ੍ਹਾਂ ਕਿਹਾ ਕਿ ਭਾਰਤ ਮੰਡਪਮ, ਜਿਥੇ ਸਤੰਬਰ ’ਚ ਜੀ-20 ਸਿਖਰ ਸੰਮੇਲਨ ਹੋਵੇਗਾ, ਕਾਨਫਰੰਸ ਟੂਰਿਜ਼ਮ ਨੂੰ ਵੀ ਉਤਸ਼ਾਹਿਤ ਕਰੇਗਾ। ‘ਨਵਾਂ ਉਸਾਰਿਆ ਗਿਆ ਭਾਰਤ ਮੰਡਪਮ ਜਦੋਂ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਤਾਂ ਭਾਰਤ ਦਾ ਵਧਿਆ ਹੋਇਆ ਰੁਤਬਾ ਦੁਨੀਆ ਦੇਖੇਗੀ।’ ਉਨ੍ਹਾਂ ਵਿਕਾਸ ਦੇ ਪ੍ਰਾਜੈਕਟਾਂ ’ਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਲਈ ਨਾਂਹ-ਪੱਖੀ ਵਿਚਾਰਾਂ ਵਾਲੇ ਲੋਕਾਂ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਕਰਤੱਵਯ ਪੱਥ ਨੂੰ ਆਪਸੀ ਗੱਲਬਾਤ ’ਚ ਸਵੀਕਾਰ ਕਰਨ ਵਾਲਿਆਂ ਵਾਂਗ ਨਾਂਹ-ਪੱਖੀ ਵਿਚਾਰਾਂ ਵਾਲੀ ਟੋਲੀ ਇਕ ਦਿਨ ਭਾਰਤ ਮੰਡਪਮ ਨੂੰ ਵੀ ਮਾਨਤਾ ਦੇਵੇਗੀ।