ਮਨੀਪੁਰ: ਸ਼ਰਾਰਤੀ ਅਨਸਰਾਂ ਨੇ 30 ਘਰਾਂ ਨੂੰ ਅੱਗ ਲਾਈ

ਮਨੀਪੁਰ: ਸ਼ਰਾਰਤੀ ਅਨਸਰਾਂ ਨੇ 30 ਘਰਾਂ ਨੂੰ ਅੱਗ ਲਾਈ

ਮੋਰੇਹ ’ਚ ਸੁਰੱਖਿਆ ਬਲਾਂ ਅਤੇ ਸ਼ਰਾਰਤੀ ਅਨਸਰਾਂ ਵਿਚਾਲੇ ਗੋਲੀਬਾਰੀ
ਇੰਫਾਲ-
ਮਨੀਪੁਰ ’ਚ ਹਿੰਸਾ ਅਤੇ ਅੱਗਜ਼ਨੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸ਼ਰਾਰਤੀ ਅਨਸਰਾਂ ਨੇ ਮੋਰੇਹ ਜ਼ਿਲ੍ਹੇ ’ਚ 30 ਘਰਾਂ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ। ਖਾਲੀ ਪਏ ਘਰ ਮਿਆਂਮਾਰ ਸਰਹੱਦ ਨੇੜੇ ਮੋਰੇਹ ਬਾਜ਼ਾਰ ਇਲਾਕੇ ’ਚ ਪੈਂਦੇ ਸਨ। ਅੱਗਜ਼ਨੀ ਮਗਰੋਂ ਸ਼ਰਾਰਤੀ ਅਨਸਰਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਇਕ ਦਿਨ ਪਹਿਲਾਂ ਕਾਂਗਪੋਕਪੀ ਜ਼ਿਲ੍ਹੇ ’ਚ ਦੰਗਾਕਾਰੀਆਂ ਨੇ ਸੁਰੱਖਿਆ ਬਲਾਂ ਨੂੰ ਲਿਜਾਣ ਵਾਲੀਆਂ ਦੋ ਬੱਸਾਂ ਫੂਕ ਦਿੱਤੀਆਂ ਸਨ। ਇਹ ਘਟਨਾ ਸਾਪੋਰਮੀਨਾ ’ਚ ਵਾਪਰੀ ਜਦੋਂ ਬੱਸਾਂ ਦੀਮਾਪੁਰ ਤੋਂ ਆ ਰਹੀਆਂ ਸਨ। ਸਥਾਨਕ ਲੋਕਾਂ ਨੇ ਮਨੀਪੁਰ ਰਜਿਸਟਰੇਸ਼ਨ ਨੰਬਰ ਵਾਲੀਆਂ ਇਨ੍ਹਾਂ ਬੱਸਾਂ ਨੂੰ ਰੋਕ ਕੇ ਉਸ ਦੀ ਚੈਕਿੰਗ ’ਤੇ ਜ਼ੋਰ ਦਿੱਤਾ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ’ਚ ਦੂਜੇ ਭਾਈਚਾਰਿਆਂ ਦਾ ਕੋਈ ਮੈਂਬਰ ਸਵਾਰ ਨਾ ਹੋਵੇ। ਬਾਅਦ ’ਚ ਕੁਝ ਨੇ ਬੱਸਾਂ ਨੂੰ ਅੱਗ ਲਗਾ ਦਿੱਤੀ। ਉਧਰ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕਿਹਾ ਕਿ ਇੰਫਾਲ ਦੇ ਸਜੀਵਾ ਅਤੇ ਥੋਊਬਲ ਜ਼ਿਲ੍ਹੇ ਦੇ ਯਾਇਥਬਿੀ ਲੋਊਕੋਲ ’ਚ ਆਰਜ਼ੀ ਮਕਾਨਾਂ ਦੀ ਉਸਾਰੀ ਮੁਕੰਮਲ ਹੋਣ ਨੇੜੇ ਹੈ। ਮੁੱਖ ਮੰਤਰੀ ਨੇ ਟਵਿੱਟਰ ’ਤੇ ਲਿਖਿਆ,‘‘ਛੇਤੀ ਹੀ ਰਾਹਤ ਕੈਂਪਾਂ ’ਚ ਰਹਿ ਰਹੇ ਪਰਿਵਾਰਾਂ ਨੂੰ ਇਨ੍ਹਾਂ ਘਰਾਂ ’ਚ ਭੇਜਿਆ ਜਾਵੇਗਾ। ਸੂਬਾ ਸਰਕਾਰ ਪਹਾੜਾਂ ਅਤੇ ਵਾਦੀ ’ਚ ਹੋਈ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਸਾਰੇ ਹਰ ਸੰਭਵ ਕਦਮ ਉਠਾ ਰਹੀ ਹੈ।’’ ਮੁੱਖ ਮੰਤਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਹਿੰਸਾ ਕਾਰਨ ਆਪਣਾ ਘਰ-ਬਾਰ ਛੱਡ ਚੁੱਕੇ ਲੋਕਾਂ ਲਈ 3 ਤੋਂ 4 ਹਜ਼ਾਰ ਘਰ ਬਣਾਏਗੀ।