ਵਿਰੋਧੀ ਧਿਰਾਂ ‘ਇੰਡੀਆ’ ਨਾਂ ਵਰਤ ਕੇ ਗੁੰਮਰਾਹ ਨਹੀਂ ਕਰ ਸਕਦੀਆਂ: ਮੋਦੀ

ਵਿਰੋਧੀ ਧਿਰਾਂ ‘ਇੰਡੀਆ’ ਨਾਂ ਵਰਤ ਕੇ ਗੁੰਮਰਾਹ ਨਹੀਂ ਕਰ ਸਕਦੀਆਂ: ਮੋਦੀ

ਭਾਜਪਾ ਸੰਸਦੀ ਦਲ ਦੀ ਮੀਟਿੰਗ ’ਚ ਵਿਰੋਧੀ ਧਿਰਾਂ ਦੇ ਨਵੇਂ ਗੱਠਜੋੜ ਨੂੰ ਦਿਸ਼ਾਹੀਣ ਦੱਸਿਆ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦਾ ਅੱਜ ਮਖੌਲ ਉਡਾਉਂਦਿਆਂ ਕਿਹਾ ਕਿ ਦੇਸ਼ ਨੇ ਇਸ ਤੋਂ ਦਿਸ਼ਾਹੀਣ ਗੱਠਜੋੜ ਨਹੀਂ ਦੇਖਿਆ। ਉਨ੍ਹਾਂ ਈਸਟ ਇੰਡੀਆ ਕੰਪਨੀ, ਪਾਪਲੂਰ ਫਰੰਟ ਆਫ ਇੰਡੀਆ (ਪੀਐੱਫਆਈ) ਤੇ ਇੰਡੀਅਨ ਮੁਜਾਹਿਦੀਨ ਜਿਹੇ ਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਮਹਿਜ਼ ਦੇਸ਼ ਦਾ ਨਾਂ ਵਰਤ ਕੇ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ। ਇਥੇ ਭਾਜਪਾ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ ਸੱਤਾਧਾਰੀ ਗੱਠਜੋੜ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਤੀਜੀ ਵਾਰ ਕੇਂਦਰ ’ਚ ਸਰਕਾਰ ਬਣਾਏਗਾ। ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ਉਮੀਦ ਹਾਰ ਚੁੱਕੀਆਂ ਹਨ ਤੇ ਦਿਸ਼ਾਹੀਣ ਹਨ, ਉਨ੍ਹਾਂ ਦਾ ਵਤੀਰਾ ਦੱਸਦਾ ਹੈ ਕਿ ਉਨ੍ਹਾਂ ਲੰਮਾ ਸਮਾਂ ਵਿਰੋਧੀ ਧਿਰ ਵਿੱਚ ਬੈਠਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਐੱਨਡੀਏ ਨੂੰ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਜਿਹੇ ਆਗੂਆਂ ਦੀ ਵਿਰਾਸਤ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਭਾਰਤੀ ਅਰਥਚਾਰਾ ਦਸਵੇਂ ਨੰਬਰ ਤੋਂ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਿਆ ਅਤੇ ਸਰਕਾਰ ਦੇ ਤੀਜੇ ਕਾਰਜਕਾਲ ਦੌਰਾਨ ਇਹ ਤੀਜਾ ਸਭ ਤੋਂ ਵੱਡਾ ਅਰਚਥਾਰਾ ਹੋਵੇਗਾ। ਸ੍ਰੀ ਮੋਦੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਦੇਸ਼ ਨੂੰ ਵਿਕਸਤ ਬਣਾਉਣ ਵਿੱਚ ਮਦਦ ਲਈ ਪੂਰੇ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਨ। ਗੱਠਜੋੜ ਦਾ ਨਾਮ ‘ਇੰਡੀਆ’ ਰੱਖਣ ਲਈ ਵਿਰੋਧੀ ਧਿਰਾਂ ਨੂੰ ਘੇਰਦਿਆਂ ਸ੍ਰੀ ਮੋਦੀ ਨੇ ਈਸਟ ਇੰਡੀਆ ਕੰਪਨੀ, ਪਾਪੂਲਰ ਫਰੰਟ ਆਫ ਇੰਡੀਆ ਤੇ ਇੰਡੀਅਨ ਮੁਜਾਹਿਦੀਨ ਜਿਹੀਆਂ ਜਥੇਬੰਦੀਆਂ ਦੇ ਇਤਿਹਾਸ ਦਾ ਹਵਾਲਾ ਦਿੱਤਾ, ਜਿਨ੍ਹਾਂ ਦੇਸ਼ ਦਾ ਨਾਮ ਵਰਤਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਗੱਠਜੋੜ ਭ੍ਰਿਸ਼ਟ ਆਗੂਆਂ ਤੇ ਪਾਰਟੀਆਂ ਦਾ ਸਮੂਹ ਹੈ। ਮੀਟਿੰਗ ਵਿੱਚ ਸ਼ਾਮਲ ਸੂਤਰਾਂ ਮੁਤਾਬਕ ਸ੍ਰੀ ਮੋਦੀ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ, ਜੋ ਮੁੱਖ ਵਿਰੋਧੀ ਪਾਰਟੀ ਹੈ, ਦਾ ਨਾਮ ਵੀ ਇਕ ਅੰਗਰੇਜ਼ ਏ.ਓ.ਹਿਊਮ ਨੇ ਰੱਖਿਆ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਦੇਸ਼ ਨੂੰ ਤੋੜਨਾ ਤੇ ਰਾਜ ਕਰਨਾ ਚਾਹੁੰਦੀਆਂ ਹਨ, ਜਿਹੜੀਆਂ ਇਸ ਨੂੰ ਵੰਡਣਾ ਚਾਹੁੰਦੀਆਂ ਹਨ, ਉਨ੍ਹਾਂ ਨੇ ਲੋਕਾਂ ਨੂੰ ਗੁਮਰਾਹ ਕਰਨ ਲਈ ‘ਇੰਡੀਆ’ ਤੇ ‘ਇੰਡੀਅਨ’ ਜਿਹੇ ਨਾਵਾਂ ਦੀ ਵਰਤੋਂ ਕੀਤੀ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਲੋਕ ਹੁਣ ਸਿਆਣੇ ਹੋ ਗਏ ਹਨ ਤੇ ਉਹ ਅਜਿਹੇ ਨਾਮਕਰਨ ਤੋਂ ਗੁੰਮਰਾਹ ਨਹੀਂ ਹੋਣਗੇ। ਭਾਜਪਾ ਵੱਲੋਂ ਵਿਰੋਧੀ ਧਿਰਾਂ ’ਤੇ ਸੰਸਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਲਾਏ ਦੋਸ਼ਾਂ ਦਰਮਿਆਨ ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਜ਼ਿਆਦਾ ਗੈਰ-ਜ਼ਿੰਮੇਵਾਰ ਹੋ ਗਈਆਂ ਹਨ, ਜਿਸ ਨਾਲ ਸੱਤਾਧਾਰੀ ਪਾਰਟੀ ਲਈ ਵਧੇਰੇ ਜ਼ਿੰਮੇਵਾਰੀ ਨਾਲ ਵਿਵਹਾਰ ਕਰਨਾ ਜ਼ਰੂਰੀ ਹੋ ਗਿਆ ਹੈ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀ ਹਾਲੀਆ ਮੀਟਿੰਗ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਐੱਨਡੀਏ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਭਾਜਪਾ ਦੇ ਕੱਦਾਵਰ ਆਗੂਆਂ ਦੀ ਵਿਰਾਸਤ ਹੈ। ਉਨ੍ਹਾਂ ਭਾਈਵਾਲਾਂ ਨਾਲ ਮਜ਼ਬੂਤ ਤੇ ਨਿੱਘੇ ਰਿਸ਼ਤੇ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ 15 ਅਗਸਤ ਨੂੰ ਅਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਦੇਸ਼ ਭਰ ਵਿੱਚ ‘ਹਰ ਘਰ ਤਿਰੰਗਾ’ ਸਣੇ ਹੋਰ ਕਈ ਪ੍ਰੋਗਰਾਮ ਕਰਨ। ਇਸ ਦੌਰਾਨ ਪਾਰਟੀ ਆਗੂਆਂ ਨੇ ਦੇਸ਼ ਭਰ ਵਿਚੋਂ ਬੂਟੇ ਲਿਆ ਕੇ ‘ਅਮ੍ਰਿਤ ਵਨ’ ਬਣਾਉਣ ਦੀ ਵੀ ਯੋਜਨਾ ਹੈ।