ਸਿੱਖ ਨਸਲਕੁਸ਼ੀ ’ਚ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਕੀਤਾ ਤਲਬ,ਹੋ ਸਕਦੀ ਹੈ ਗ੍ਰਿਫ਼ਤਾਰੀ

ਸਿੱਖ ਨਸਲਕੁਸ਼ੀ ’ਚ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਕੀਤਾ ਤਲਬ,ਹੋ ਸਕਦੀ ਹੈ ਗ੍ਰਿਫ਼ਤਾਰੀ

ਜੇ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਨਾ ਹੁੰਦਾ ਤਾਂ ਇਨ੍ਹਾਂ ਬੁਚੜਾਂ ਨੂੰ ਕੋਈ ਵੀ ਹੱਥ ਨਾ ਪਾਉਂਦਾ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਕਤਲਕਾਂਡ ਮਾਮਲੇ ’ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਤਲਬ ਕੀਤਾ ਹੈ। ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਮਾਮਲੇ ’ਚ ਦੋਸ਼ ਪੱਤਰ ਨੂੰ ਧਿਆਨ ’ਚ ਲੈਣ ਮਗਰੋਂ ਬੁੱਧਵਾਰ ਨੂੰ ਹੁਕਮ ਪਾਸ ਕੀਤਾ। ਸੀ. ਬੀ. ਆਈ. ਨੇ 20 ਮਈ ਨੂੰ ਮਾਮਲੇ ਵਿਚ ਟਾਈਟਲਰ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਦੱਸ ਦੇਈਏ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਬਾਡੀਗਾਰਡਾਂ ਵਲੋਂ ਕਤਲ ਕੀਤੇ ਜਾਣ ਦੇ ਇਕ ਦਿਨ ਬਾਅਦ 1 ਨਵੰਬਰ 1984 ਨੂੰ ਇੱਥੇ ਪੁਲ ਬੰਗਸ਼ ਖੇਤਰ ’ਚ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਕ ਗੁਰਦੁਆਰੇ ’ਚ ਅੱਗ ਲਾ ਦਿੱਤੀ ਗਈ ਸੀ। ਅਦਾਲਤ ਵਿਚ ਦਾਇਰ ਆਪਣੇ ਦੋਸ਼ ਪੱਤਰ ’ਚ ਸੀ. ਬੀ. ਆਈ. ਨੇ ਦਾਅਵਾ ਕੀਤਾ ਕਿ ਟਾਈਟਲਰ ਨੇ 1 ਨਵੰਬਰ 1984 ਨੂੰ ਆਜ਼ਾਦ ਮਾਰਕੀਟ ’ਚ ਪੁਲ ਬੰਗਸ਼ ਗੁਰਦੁਆਰੇ ’ਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਅਤੇ ਭੜਕਾਇਆ, ਜਿਸ ਦੇ ਨਤੀਜੇ ਵਜੋਂ ਗੁਰਦੁਆਰੇ ਵਿਚ ਅੱਗ ਲਾ ਦਿੱਤੀ ਗਈ ਅਤੇ 3 ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸੀ. ਬੀ. ਆਈ. ਨੇ ਕਿਹਾ ਕਿ ਏਜੰਸੀ ਨੇ ਟਾਈਟਲਰ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-147 (ਦੰਗਾ), 109 (ਉਕਸਾਉਣਾ) ਅਤੇ ਧਾਰਾ-302 (ਕਤਲ) ਤਹਿਤ ਦੋਸ਼ ਲਾਏ ਹਨ।