ਸਿੱਖ ਸਪੋਰਟਸ ਐਸੋਸੀਏਸ਼ਨ ਦਾ 15ਵਾਂ ਖੇਡ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

ਸਿੱਖ ਸਪੋਰਟਸ ਐਸੋਸੀਏਸ਼ਨ ਦਾ 15ਵਾਂ ਖੇਡ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

ਦੋ ਦਿਨ ਵਿੱਚ ਸੈਂਕੜੇ ਖਿਡਾਰੀਆਂ ਨੇ ਲਿਆ ਹਿੱਸਾ

ਯੂਨੀਅਨ ਸਿਟੀ/ਕੈਲੀਫੋਰਨੀਆ : ਅਮਰੀਕਾ ਵਿੱਚ ਸਿੱਖਾਂ ਦੀ ਜਾਣ ਪਹਿਚਾਣ ਅਤੇ ਆਪਣੀ ਅਗਲੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਕੇ ਆਉਣ ਵਾਲੀਆਂ ਅਗਲੀਆਂ ਪੀੜ੍ਹੀਆ ਨੂੰ ਇੱਕ ਤੰਦਰੁਸਤ ਅਤੇ ਅਮਰੀਕਾ ’ਚ ਮਾਣਮੱਤੀ ਸ਼ਾਨਾਮੱਤੀ ਪੀੜ੍ਹੀ ਬਣਾਉਣਾ ਸਿੱਖ ਸਪ੍ਰੋਟਸ ਦਾ ਮਨੋਰਥ ਤੇ ਨਿਸ਼ਾਨਾ ਮਿਥਕੇ 15 ਸਾਲ ਪਹਿਲਾ ਸ਼ੁਰੂ ਕੀਤਾ ਗਿਆ ਇਹ ਸਿੱਖ ਖੇਡ ਮੇਲਾ ਅੱਜ ਅਮਰੀਕਾ ’ਚ ਆਪਣੀ ਨਿਵੇਕਲੀ ਸ਼ਾਨ ਬਣ ਚੁੱਕਾ ਹੈ। ਇਸ ਮੇਲੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਿੱਸਾ ਲੈਂਦੇ ਹਨ। ਇਨ੍ਹਾਂ ਵਿੱਚ ਪੰਜਾਬੀਆਂ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਹਿੱਸਾ ਲਿਆ। ਯੂਨੀਅਨ ਸਿਟੀ-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਖ ਸਪੋਰਟਸ ਐਸੋਸੀਏਸ਼ਨ ਵਲੋਂ ਸਿੱਖ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦੇ ਮਨੋਰਥ ਨਾਲ ਸਲਾਨਾ 15ਵਾਂ ਖੇਡ ਮੇਲਾ ਸਥਾਨਕ ਜੇਮਜ ਲੋਗਨ ਹਾਈ ਸਕੂਲ ਦੀਆਂ ਸ਼ਾਨਦਾਰ ਗਰਾਊਂਡਾਂ ਵਿਚ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਉਮਰ ਦੇ ਖਿਡਾਰੀਆਂ ਤੋਂ ਇਲਾਵਾ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਖੇਡ ਟੂਰਨਾਮੈਂਟ ਦੌਰਾਨ ਬਾਸਕਟਬਾਲ, ਵਾਲੀਬਾਲ, ਫੁਟਬਾਲ, ਕਬੱਡੀ, ਹਾਕੀ ਅਤੇ ਹੋਰ ਖੇਡਾਂ ਸ਼ਾਮਲ ਸਨ। ਇਹ ਦੋ ਦਿਨਾ ਟੂਰਨਾਮੈਂਟ 22-23 ਜੁਲਾਈ ਨੂੰ ਇਤਿਹਾਸਕ ਟੂਰਨਾਮੈਂਟ ਸੀ। ਇਸ ਟੂਰਨਾਮੈਂਟ ’ਚ ਖਾਣ ਪੀਣ ਲਈ ਗੁਰੂ ਕੇ ਲੰਗਰ ਦੋ ਦਿਨ ਅਤੁੱਟ ਵਰਤਦੇ ਰਹੇ। ਇਸ ਸਿੱਖ ਸਪ੍ਰੋਟਸ ਮੈਬਰਾਂ ਵਿੱਚ ਸੀਨੀਅਰ ਸੇਵਾਦਾਰ ਅਤੇ ਸਿੱਖ ਆਗੂ ਸ: ਹਰਦੀਪ ਸਿੰਘ ਔਲਖ ਨੇ ‘ਸਾਡੇ ਲੋਕ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਸਪ੍ਰੋਟਸ ਹੁਣ ਅਮਰੀਕਾ ਵਿੱਚ ਕਰਵਾਏ ਜਾਂਦੇ ਖੇਡ ਮੇਲਿਆ ’ਚ ਵਿੱਚ ਇੱਕ ਵਿਲੱਖਣ ਖੇਡ ਮੇਲਾ ਹੈ ਜਿਸ ਵਿੱਚ 1500 ਤੋ ਵੱਧ ਖਿਡਾਰੀ ਭਾਗ ਲੈਦੇ ਹਨ। ਉਨ੍ਹਾਂ ਸਮੂਹ ਪ੍ਰਬੰਧਕਾ ਖਿਡਾਰੀਆ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਐਸੋਸੀਏਸ਼ਨ ਵਲੋਂ ਇਕ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਸਿੱਖ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਸ੍ਰ. ਹਰਵਿੰਦਰ ਸਿੰਘ ਧਾਲੀਵਾਲ, ਅਮਰੀਕਨ ਉਲੰਪੀਅਨ ਐਡੀ ਹਾਰਟ, ਅਮਰੀਕਾ ਦੇ ਉਘੇ ਬਿਜਨਸ ਟਾਈਕੂਨ ਸਰਦਾਰ ਇੰਦਰ ਦੁਸਾਂਝ ਅਤੇ ਜੈਸੀ ਦੁਸਾਂਝ ਅਤੇ ਆਖਰੀ ਕਵਰ ਪੇਜ਼ ਉਪਰ ਕਮਿਉਨਟੀ ਦੇ ਉਘੇ ਸਪੋਟਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵਿੱਚ ਸ੍ਰ. ਇੰਦਰ ਸਿੰਘ ਦੁਸਾਂਝ, ਸ੍ਰੀ ਜੱਗੀ ਕਪੂਰ, ਸ੍ਰ. ਹਰਬੰਸ ਸਿੰਘ ਆਹਲੂਵਾਲੀਆ, ਡਾ. ਪਰਮਜੀਤ ਸਿੰਘ ਵਿਰਕ, ਸ੍ਰ. ਲਛਮਣ ਸਿੰਘ ਮਾਂਗਟ, ਸ੍ਰ. ਇਕਬਾਲ ਸਿੰਘ ਗਾਖੜ। ਸਿੱਖ ਸਪੋਰਟਸ ਐਸੋਸੀਏਸ਼ਨ ਵਲੋਂ ਹਰ ਸਾਲ ਕਰਵਾਏ ਜਾਂਦੇ ਇਸ ਖੇਡ ਮੇਲੇ ਦੇ ਮੌਕੇ ਇਸ ਸੋਵੀਨਾਰ ’ਚ ਹੋਰ ਆਗੂਆਂ ਵਲੋਂ ਵਧਾਈ ਸੰਦੇਸ਼ ਭੇਜ ਕੇ ਇਸ ਖੇਡ ਮੇਲੇ ਦੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਇਸ ਉਦਮ ਦੀ ਸ਼ਲਾਘਾ ਕੀਤੀ ਗਈ ਹੈ ਇਹ 15ਵਾਂ ਖੇਡ ਮੇਲਾ ਵਾਕਿਆ ਹੀ ਇਤਿਹਾਸਕ ਅਤੇ ਯਾਦਗਾਰੀ ਖੇਡ ਮੇਲਾ ਸੀ।