‘ਆਪ’ ਦੇ ਸੰਜੈ ਸਿੰਘ ਰਾਜ ਸਭਾ ’ਚੋਂ ਮੁਅੱਤਲ

‘ਆਪ’ ਦੇ ਸੰਜੈ ਸਿੰਘ ਰਾਜ ਸਭਾ ’ਚੋਂ ਮੁਅੱਤਲ

ਮਨੀਪੁਰ ਮੁੱਦੇ ’ਤੇ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮਾ
ਨਵੀਂ ਦਿੱਲੀ -ਮਨੀਪੁਰ ਮੁੱਦੇ ’ਤੇ ਸੰਸਦ ਦੇ ਦੋਵੇਂ ਸਦਨਾਂ ’ਚ ਅੱਜ ਵੀ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਮਨੀਪੁਰ ’ਚ ਜਾਰੀ ਹਿੰਸਾ ਦੇ ਮੁੱਦੇ ’ਤੇ ਸੰਸਦ ’ਚ ਚਰਚਾ ਲਈ ਅੜੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਭਰੋਸਾ ਦਿੱਤਾ ਕਿ ਸਰਕਾਰ ਇਸ ਮੁੱਦੇ ’ਤੇ ਚਰਚਾ ਕਰਵਾਏਗੀ। ਉਧਰ ਰਾਜ ਸਭਾ ’ਚ ‘ਆਪ’ ਮੈਂਬਰ ਸੰਜੈ ਸਿੰਘ ’ਤੇ ‘ਮਾੜੇ ਵਤੀਰੇ’ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਪੂਰੇ ਮੌਨਸੂਨ ਇਜਲਾਸ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਧਿਰਾਂ ਨੇ ਸਰਕਾਰ ਦੇ ਇਸ ਰਵੱਈਏ ਦਾ ਵਿਰੋਧ ਕੀਤਾ ਹੈ।
ਲੋਕ ਸਭਾ ਦੀ ਕਾਰਵਾਈ ਵਿੱਚ ਦੋ ਵਾਰ ਅੜਿੱਕਾ ਪੈਣ ਮਗਰੋਂ ਜਦੋਂ ਦੁਪਹਿਰ ਢਾਈ ਵਜੇ ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਜਿਸ ’ਤੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂਬਰ ਸ਼ਾਂਤ ਨਾ ਹੋਏ ਤਾਂ ਲੋਕ ਸਭਾ ਨੂੰ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਕਿਹਾ ਕਿ ਉਹ ਮਨੀਪੁਰ ਮਸਲੇ ’ਤੇ ਵਿਚਾਰ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ, ‘‘ਮੈਂ ਵਿਰੋਧੀ ਧਿਰ ਦੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਸਦ ਵਿਚ ਵਿਚਾਰ ਵਟਾਂਦਰਾ ਹੋਣ ਦੇਣ ਕਿਉਂਕਿ ਮਨੀਪੁਰ ਮੁੱਦੇ ਨੂੰ ਲੈ ਕੇ ਸੱਚ ਦੇਸ਼ ਸਾਹਮਣੇ ਲਿਆਉਣਾ ਬਹੁਤ ਅਹਿਮ ਹੈ।’’ ਉਨ੍ਹਾਂ ਵਿਰੋਧੀ ਧਿਰਾਂ ’ਤੇ ਚਰਚਾ ਤੋਂ ਭੱਜਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਦੋਂ ਸਰਕਾਰ ਚਰਚਾ ਲਈ ਰਾਜ਼ੀ ਹੈ ਤਾਂ ਪਤਾ ਨਹੀਂ ਵਿਰੋਧੀ ਧਿਰ ਸੰਸਦ ਨੂੰ ਕਿਉਂ ਨਹੀਂ ਚੱਲਣ ਦੇਣਾ ਚਾਹੁੰਦੀ ਹੈ। ਸਵੇਰੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨ ਮਗਰੋਂ ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਦਰਮਿਆਨ ਹੀ ਸਰਕਾਰ ਨੇ ਤਿੰਨ ਬਿੱਲ ਕੌਮੀ ਡੈਂਟਲ ਕਮਿਸ਼ਨ ਬਿੱਲ 2023, ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਬਿੱਲ 2023 ਅਤੇ ਕੰਸਟੀਚਿਊਸ਼ਨ (ਅਨੁਸੂਚਿਤ ਜਾਤਾਂ) ਆਰਡਰ (ਸੋਧ) ਬਿੱਲ 2023 ਪੇਸ਼ ਕੀਤੇ ਜਦਕਿ ਇਕ ਬਿੱਲ ਡੀਐੱਨਏ ਤਕਨਾਲੋਜੀ (ਵਰਤੋਂ ਤੇ ਐਪਲੀਕੇਸ਼ਨ) ਰੈਗੂਲੇਸ਼ਨ ਬਿੱਲ 2019 ਵਾਪਸ ਲੈ ਲਿਆ। ਉਂਜ ਸਦਨ ਦੀ ਕਾਰਵਾਈ ਜਦੋਂ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਕਾਂਗਰਸ, ਡੀਐੱਮਕੇ, ਖੱਬੀਆਂ ਪਾਰਟੀਆਂ ਤੇ ਹੋਰਨਾਂ ਨੇ ਮਨੀਪੁਰ ਮੁੱਦੇ ’ਤੇ ਚਰਚਾ ਕਰਵਾਉਣ ਦੀ ਆਪਣੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਓਮ ਬਿਰਲਾ ਨੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੂੰ ਬੋਲਣ ਦੀ ਇਜਾਜ਼ਤ ਦਿੱਤੀ। ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਸੰਸਦ ਵਿੱਚ ਬਿਆਨ ਦੇਣ। ਬਿਰਲਾ ਨੇ ਕਿਹਾ ਕਿ ਸਦਨ ਮਨੀਪੁਰ ਹਿੰਸਾ ’ਤੇ ਚਰਚਾ ਲਈ ਤਿਆਰ ਹੈ, ਪਰ ਵਿਚਾਰ ਚਰਚਾ 12 ਵਜੇ ਤੋਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ ਕਿਉਂਕਿ 11 ਵਜੇ ਦਾ ਸਮਾਂ ਪ੍ਰਸ਼ਨਕਾਲ ਲਈ ਨਿਰਧਾਰਿਤ ਹੈ ਤੇ ਇਸ ਨਾਲ ਛੇੜਖਾਨੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਮੈਂਬਰਾਂ ਨੇ ਕਈ ਅਹਿਮ ਮੁੱਦਿਆਂ ’ਤੇ ਸਰਕਾਰ ਤੋਂ ਜਵਾਬ ਲੈਣੇ ਹੁੰਦੇ ਹਨ। ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਵਿਚਾਰ ਚਰਚਾ ਲਈ ਤਿਆਰ ਹੈ ਜਦੋਂਕਿ ਵਿਰੋਧੀ ਧਿਰ ਹੀ ਚਰਚਾ ਤੋਂ ਭੱਜ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਸਰਕਾਰ ਮਨੀਪੁਰ ਹਿੰਸਾ ’ਤੇ ਚਰਚਾ ਲਈ ਤਿਆਰ ਹੈ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ‘ਇੰਡੀਆ ਮਨੀਪੁਰ ਹਿੰਸਾ ਬਾਰੇ ਚਰਚਾ ਚਾਹੁੰਦਾ ਹੈ’ ਅਤੇ ‘ਇੰਡੀਆ ਫਾਰ ਮਨੀਪੁਰ’ ਜਿਹੇ ਨਾਅਰੇ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਉਧਰ ਰਾਜ ਸਭਾ ’ਚ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਨੂੰ ‘ਮਾੜੇ ਵਤੀਰੇ’ ਲਈ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਅਰਸੇ ਲਈ ਮੁਅੱਤਲ ਕਰ ਦਿੱਤਾ ਗਿਆ। ਰਾਜ ਸਭਾ ਵਿੱਚ ਸਦਨ ਦੇ ਆਗੂ ਪਿਊਸ਼ ਗੋਇਲ ਨੇ ਸੰਜੈ ਸਿੰਘ ਨੂੰ ਮੁਅੱਤਲ ਕਰਨ ਦਾ ਮਤਾ ਰੱਖਿਆ, ਜਿਸ ਨੂੰ ਸਦਨ ਨੇ ਜ਼ੁਬਾਨੀ ਵੋਟਾਂ ਨਾਲ ਸਵੀਕਾਰ ਕਰ ਲਿਆ। ਉਂਜ ਮਤਾ ਰੱਖਣ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ‘ਮਾੜੇ ਰਵੱਈਏ’ ਲਈ ਸੰਜੈ ਸਿੰਘ ਦਾ ਨਾਮ ਲਿਆ ਤੇ ਉਨ੍ਹਾਂ ਨੂੰ ਖ਼ਬਰਦਾਰ ਵੀ ਕੀਤਾ ਸੀ। ਮਨੀਪੁਰ ਬਾਰੇ ਚਰਚਾ ਕਰਾਉਣ ਦੀ ਮੰਗ ਕਰਦਿਆਂ ਸੰਜੈ ਸਿੰਘ ਚੇਅਰ ਵੱਲ ਇਸ਼ਾਰਾ ਕਰਦਿਆਂ ਚੇਅਰਮੈਨ ਦੀ ਕੁਰਸੀ ਅੱਗੇ ਆ ਗਏ ਸਨ। ਬਾਅਦ ’ਚ ਵਿਰੋਧੀ ਮੈਂਬਰਾਂ ਨੇ ਇਹ ਮੁੱਦਾ ਚੇਅਰਮੈਨ ਕੋਲ ਉਠਾਇਆ ਅਤੇ ਸੰਜੈ ਸਿੰਘ ਦੀ ਮੁਅੱਤਲੀ ਵਾਪਸ ਲੈਣ ਦੀ ਅਪੀਲ ਕੀਤੀ। ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਸੰਜੈ ਸਿੰਘ ਨੂੰ ਮੁਅੱਤਲ ਕਰਨਾ ਠੀਕ ਨਹੀਂ ਹੈ। ਉਨ੍ਹਾਂ ਇਸ ਫ਼ੈਸਲੇ ਦੀ ਨਿਖੇਧੀ ਕੀਤੀ। ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸੰਜੈ ਸਿੰਘ ਮਨੀਪੁਰ ਮੁੱਦੇ ’ਤੇ ਚਰਚਾ ਲਈ ਵਿਰੋਧੀ ਧਿਰ ਦੀ ਮੰਗ ਚੁੱਕਣ ਲਈ ਚੇਅਰਮੈਨ ਤੋਂ ਇਜਾਜ਼ਤ ਦੀ ਬੇਨਤੀ ਕਰ ਰਹੇ ਸਨ। ਜਦੋਂ ਚੇਅਰਮੈਨ ਨੇ ਵਿਰੋਧੀ ਧਿਰ ਵੱਲ ਨਾ ਦੇਖਿਆ ਤਾਂ ਸੰਜੈ ਸਿੰਘ ਉਨ੍ਹਾਂ ਦੀ ਚੇਅਰ ਵੱਲ ਗਏ ਸਨ। ‘ਜੇਕਰ ਲੋਕਤੰਤਰ ’ਚ ਵਿਰੋਧੀ ਧਿਰ ਅਤੇ ਸਰਕਾਰ ਸੰਸਦ ’ਚ ਬਹਿਸ ਕਰਨ ਦੇ ਅਸਮਰੱਥ ਹਨ ਤਾਂ ਫਿਰ ਲੋਕਤੰਤਰ ਦਾ ਕੀ ਮਤਲਬ ਹੈ? ਮਨੀਪੁਰ ’ਤੇ ਚਰਚਾ ਦੀ ਮੰਗ ਕਰਨਾ ਕੀ ਜੁਰਮ ਹੈ? ਜੇਕਰ ਇਹ ਜੁਰਮ ਹੈ ਤਾਂ ਫਿਰ ਸੰਜੈ ਸਿੰਘ ਹੀ ਨਹੀਂ ਸਗੋਂ ਪੂਰੀ ਵਿਰੋਧੀ ਧਿਰ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਉਨ੍ਹਾਂ ਦੀ ਮੁਅੱਤਲੀ ਦਾ ਵਿਰੋਧ ਕਰਦਿਆਂ ਚੇਅਰਮੈਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਫ਼ੈਸਲੇ ’ਤੇ ਵਿਚਾਰ ਕਰਨ।’ ਸ਼ਿਵ ਸੈਨਾ (ਯੂਬੀਟੀ) ਆਗੂ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਜਦੋਂ ਤੋਂ ‘ਇੰਡੀਆ’ ਗੱਠਜੋੜ ਬਣਿਆ ਹੈ, ਸਰਕਾਰ ਨੂੰ ਚਿੰਤਾ ਹੋ ਗਈ ਹੈ ਅਤੇ ਉਹ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਜਿਥੇ ਵਿਰੋਧੀ ਆਗੂਆਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸੋਚੀ-ਸਮਝੀ ਯੋਜਨਾ ਤਹਿਤ ਹੋ ਰਿਹਾ ਹੈ।