ਮਨੀਪੁਰ: ਕੇਂਦਰੀ ਮੰਤਰੀ ਦੇ ਘਰ ’ਤੇ ਮੁੜ ਹਮਲਾ

ਮਨੀਪੁਰ: ਕੇਂਦਰੀ ਮੰਤਰੀ ਦੇ ਘਰ ’ਤੇ ਮੁੜ ਹਮਲਾ

ਔਰਤਾਂ ਦੀ ਅਗਵਾਈ ਹੇਠਲੀ ਭੀੜ ਨੇ ਘਰਾਂ ਤੇ ਸਕੂਲ ਨੂੰ ਅੱਗ ਲਾਈ
ਨਵੀਂ ਦਿੱਲੀ – ਮਨੀਪੁਰ ਪੁਲੀਸ ਨੇ ਦੋ ਔਰਤਾਂ ਦੀ ਨਗਨ ਪਰੇਡ ਕਰਾਉਣ ਬਾਰੇ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ 14 ਹੋਰ ਲੋਕਾਂ ਦੀ ਸ਼ਨਾਖ਼ਤ ਕਰ ਲਈ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ 4 ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਵਿਚ ਵਾਪਰੀ ਇਸ ਘਟਨਾ ਦੇ ਵਾਇਰਲ ਵੀਡੀਓ ਦੇ ਮਾਮਲੇ ਵਿਚ ਪਹਿਲਾਂ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਘਟਨਾ ਦਾ 26 ਸਕਿੰਟ ਦਾ ਵੀਡੀਓ 19 ਜੁਲਾਈ ਨੂੰ ਸਾਹਮਣੇ ਆਇਆ ਸੀ। ਇਹ ਸਾਰੇ ਮੁਲਜ਼ਮ ਹਾਲੇ ਫਰਾਰ ਹਨ। ਮਨੀਪੁਰ ਵਿਚ ਅੱਗਜ਼ਨੀ, ਤੋੜ-ਭੰਨ੍ਹ ਤੇ ਹਿੰਸਾ ਦੀਆਂ ਹੋਰ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚ ਕੇਂਦਰੀ ਮੰਤਰੀ ਆਰਕੇ ਰੰਜਨ ਸਿੰਘ ਦੇ ਘਰ ਨੂੰ ਵੀ ਦੁਬਾਰਾ ਨਿਸ਼ਾਨਾ ਬਣਾਇਆ ਗਿਆ ਹੈ। ਇੰਫਾਲ ਵਿਚ ਮੰਤਰੀ ਦੇ ਘਰ ਦੇ ਬਾਹਰ ਔਰਤਾਂ ਵੱਲੋਂ ਕੱਢੀ ਜਾ ਰਹੀ ਇਕ ਰੈਲੀ ਹਿੰਸਕ ਰੂਪ ਧਾਰਨ ਕਰ ਗਈ ਤੇ ਉਨ੍ਹਾਂ ਰਿਹਾਇਸ਼ ਵੱਲ ਪੱਥਰ ਸੁੱਟੇ। ਹਾਲਾਂਕਿ ਘਰ ਵਿਚ ਕੋਈ ਮੌਜੂਦ ਨਹੀਂ ਸੀ। ਇਸੇ ਦੌਰਾਨ ਗੜਬੜਗ੍ਰਸਤ ਸੂਬੇ ਵਿਚ ਲੋਕਾਂ ਵੱਲੋਂ ਛੱਡੇ ਗਏ ਕਰੀਬ 10 ਘਰਾਂ ਤੇ ਇਕ ਸਕੂਲ ਨੂੰ ਹਥਿਆਰਬੰਦ ਹਿੰਸਕ ਤੱਤਾਂ ਨੇ ਸਾੜ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਚੂਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਗ ਬਾਜ਼ਾਰ ਇਲਾਕੇ ਵਿਚ ਵਾਪਰੀ ਹੈ ਜੋ ਕਿ ਬਿਸ਼ਣੂਪੁਰ ਜ਼ਿਲ੍ਹੇ ਨਾਲ ਲੱਗਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਭੀੜ ਨੇ ਖਾਲੀ ਪਏ ਘਰਾਂ ਤੇ ਸਕੂਲ ਨੂੰ ਅੱਗ ਲਾਈ, ਉਨ੍ਹਾਂ ਦੇ ਬਚਾਅ ਲਈ ਸੈਂਕੜੇ ਔਰਤਾਂ ਨੇ ਘੇਰਾ ਬਣਾਇਆ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਵੱਲੋਂ ਹਵਾਈ ਫਾਇਰ ਕਰਨ ਤੇ ਘਰੇਲੂ ਪੱਧਰ ’ਤੇ ਬਣਾਏ ਬੰਬ ਸੁੱਟਣ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਨਹੀਂ ਕੀਤੀ ਕਿਉਂਕਿ ਹਮਲਾਵਰਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਸਨ। ਕੇਂਦਰੀ ਮੰਤਰੀ ਦੇ ਘਰ ਨੂੰ ਪਿਛਲੇ ਮਹੀਨੇ ਵੀ ਨਿਸ਼ਾਨਾ ਬਣਾਉਦਿਆਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਕੇਂਦਰੀ ਮੰਤਰੀ ਨੂੰ ਰਾਜ ਦੀ ਸਥਿਤੀ ਬਾਰੇ ਸੰਸਦ ਵਿਚ ਬੋਲਣਾ ਚਾਹੀਦਾ ਹੈ। ਮਨੀਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਅੱਜ ਇਕ ਰੈਲੀ ਕੱਢ ਕੇ ਰਾਜ ਵਿਚ ਸ਼ਾਂਤੀ ਬਹਾਲੀ ਦੀ ਮੰਗ ਕੀਤੀ। ਰੈਲੀ ਲਈ ਪ੍ਰਵਾਨਿਤ ਥਾਂ ਤੋਂ ਬਾਹਰ ਜਾਣ ’ਤੇ ਪੁਲੀਸ ਨੇ ਵਿਦਿਆਰਥੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ। ਇਸੇ ਦੌਰਾਨ ਪੁਲੀਸ ਨੇ ਫ਼ਰਜ਼ੀ ਖ਼ਬਰਾਂ ਦੇ ਮਾਮਲੇ ਵਿਚ ਵੀ ਕਾਰਵਾਈ ਕੀਤੀ ਹੈ। ਕੁਝ ਅਣਪਛਾਤਿਆਂ ਖ਼ਿਲਾਫ਼ ਐਫਆਈਆਰ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਇਕ ਆਰਐੱਸਐੱਸ ਅਹੁਦੇਦਾਰ ਤੇ ਉਸ ਦੇ ਪੁੱਤਰ ਦੀ ਫੋਟੋ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਦਾਅਵਾ ਕੀਤਾ ਸੀ ਕਿ ਇਹ ਦੋਵੇਂ 4 ਮਈ ਦੀਆਂ ਘਟਨਾਵਾਂ ਵਿਚ ਸਿੱਧੇ ਤੌਰ ਉਤੇ ਸ਼ਾਮਲ ਸਨ।