ਸਾਤਵਿਕ-ਚਿਰਾਗ ਦੀ ਜੋੜੀ ਨੇ ਕੋਰੀਆ ਓਪਨ ਦਾ ਖ਼ਿਤਾਬ ਜਿੱਤਿਆ

ਸਾਤਵਿਕ-ਚਿਰਾਗ ਦੀ ਜੋੜੀ ਨੇ ਕੋਰੀਆ ਓਪਨ ਦਾ ਖ਼ਿਤਾਬ ਜਿੱਤਿਆ

ਫਾਈਨਲ ’ਚ ਇੰਡੋਨੇਸ਼ਿਆਈ ਜੋੜੀ ਨੂੰ ਹਰਾਇਆ; ਸਾਲ ’ਚ ਚੌਥਾ ਖਿਤਾਬ ਆਪਣੇ ਨਾਂ ਕੀਤਾ
ਯਿਓਸੂ- ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਕੋਰੀਆ ਓਪਨ ’ਚ ਡਬਲਜ਼ ਖ਼ਿਤਾਬ ਜਿੱਤ ਲਿਆ ਹੈ। ਭਾਰਤੀ ਜੋੜੀ ਨੇ ਫਾਈਨਲ ’ਚ ਇੰਡੋਨੇਸ਼ੀਆ ਦੇ ਫਜਰ ਅਲਫੀਆਂ ਅਤੇ ਮੁਹੰਮਦ ਰਿਆਨ ਆਰਡਿਆਂਟੋ ਦੀ ਜੋੜੀ ਨੂੰ ਮਾਤ ਦਿੱਤੀ। ਰੰਕੀਰੈੱਡੀ ਅਤੇ ਸ਼ੈੱਟੀ ਦੀ ਜੋੜੀ ਦਾ ਇਸ ਸਾਲ ਚੌਥਾ ਫਾਈਨਲ ਮੁਕਾਬਲਾ ਸੀ। ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਅੱਜ ਸਾਤਵਿਕ ਅਤੇ ਚਿਰਾਗ ਦੀ ਦੁਨੀਆਂ ਦੀ ਤੀਜੇ ਨੰਬਰ ਦੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਇੰਡੋਨੇਸ਼ੀਆ ਦੇ ਅਲਫੀਆਂ ਅਤੇ ਆਰਡਿਆਂਟੋ ਦੀ ਜੋੜੀ ਨੂੰ 17-21, 21-13, 21-14 ਨਾਲ ਹਰਾਇਆ। ਖ਼ਿਤਾਬੀ ਜਿੱਤ ਮਗਰੋਂ ਚਿਰਾਗ ਨੇ ਕਿਹਾ, ‘‘ਅੱਜ ਜਿਸ ਤਰ੍ਹਾਂ ਅਸੀਂ ਫਾਈਨਲ ਵਿੱਚ ਖੇਡੇ, ਉਸ ਦੀ ਸ਼ੁਰੂਆਤ ਵਧੀਆ ਨਹੀਂ ਸੀ ਪਰ ਖੁਸ਼ ਹਾਂ ਕਿ ਅਸੀਂ ਦੂਜਾ ਸੈੱਟ ਜਿੱਤ ਕੇ ਮੈਚ ਦੇ ਅੰਤ ਤੱਕ ਇਸ ਲੈਅ ਨੂੰ ਬਰਕਰਾਰ ਰੱਖ ਸਕੇ। ਇੰਡੋਨੇਸ਼ੀਆ ਓਪਨ ਤੋਂ ਬਾਅਦ ਲਗਾਤਾਰ ਖ਼ਿਤਾਬ ਆਪਣੇ ਨਾਂ ਕਰਕੇ ਖੁਸ਼ ਹਾਂ।’’ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਸਾਤਵਿਕ ਅਤੇ ਚਿਰਾਗ ਦੀ ਜੋੜੀ ਦੀ ਮੈਚਾਂ ’ਚ ਇਹ ਲਗਾਤਾਰ 10ਵੀਂ ਜਿੱਤ ਹੈ।
ਰੰਕੀਰੈੱਡੀ ਅਤੇ ਸ਼ੈੱਟੀ ਦੀ ਜੋੜੀ ਇਸੇ ਸਾਲ ਸਵਿਸ ਓਪਨ, ਚੈਂਪੀਅਨਸ਼ਿਪ ਅਤੇ ਇੰਡੋਨੇਸ਼ੀਆ ਓਪਨ ਖ਼ਿਤਾਬ ਵੀ ਜਿੱਤ ਚੁੱਕੀ ਹੈ। ਸਾਤਵਿਕ ਨੇ ਕਿਹਾ, ‘‘ਇਹ ਸਾਡੇ ਲਈ ਬਹੁਤ ਵਧੀਆ ਹਫ਼ਤਾ ਰਿਹਾ। ਪੂਰਾ ਹਫ਼ਤਾ ਅਸੀਂ ਬਹੁਤ ਵਧੀਆ ਬੈਡਮਿੰਟਨ ਖੇਡੀ ਅਤੇ ਮੈਂ ਅੱਜ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਅਸੀਂ ਅਗਲੇ ਹਫ਼ਤੇ ਜਾਪਾਨ ਓਪਨ ’ਚ ਵੀ ਇਸੇ ਲੈਅ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ। ਹੁਣ ਅਸੀਂ ਆਰਾਮ ਕਰਾਂਗੇ ਫਿਰ ਖੇਡ ’ਤੇ ਆਪਣਾ ਧਿਆਨ ਕੇਂਦਰਤ ਕਰਾਂਗੇ।’’