ਦੀਪਕ, ਸਹਿਰਾਵਤ ਤੇ ਨਰਿੰਦਰ ਚੀਮਾ ਨੇ ਏਸ਼ਿਆਈ ਖੇਡਾਂ ਲਈ ਟਿਕਟ ਕਟਵਾਈ

ਦੀਪਕ, ਸਹਿਰਾਵਤ ਤੇ ਨਰਿੰਦਰ ਚੀਮਾ ਨੇ ਏਸ਼ਿਆਈ ਖੇਡਾਂ ਲਈ ਟਿਕਟ ਕਟਵਾਈ

ਟੀਮ ’ਚ ਸ਼ਾਮਲ 18 ਭਲਵਾਨਾਂ ’ਚੋਂ 17 ਹਰਿਆਣਾ ਤੇ ਇੱਕ ਪੰਜਾਬ ਨਾਲ ਸਬੰਧਤ
ਨਵੀਂ ਦਿੱਲੀ- ਰਾਸ਼ਟਰਮੰਡਲ ਚੈਂਪੀਅਨ ਦੀਪਕ ਪੂਨੀਆ, ਅਮਨ ਸਹਿਰਾਵਤ ਅਤੇ ਪੰਜਾਬ ਦੇ ਨਰਿੰਦਰ ਚੀਮਾ ਨੇ ਅੱਜ ਇੱਥੇ ਟਰਾਇਲਾਂ ’ਚ ਵਿੱਚ ਜਿੱਤ ਹਾਸਲ ਕਰਦਿਆਂ ਏਸ਼ਿਆਈ ਖੇਡਾਂ ਲਈ ਟਿਕਟ ਕਟਵਾ ਲਈ ਹੈ, ਜਦਕਿ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਹੀਆ ਟਰਾਇਲਾਂ ਦੌਰਾਨ ਉਹ 57 ਕਿੱਲੋ ਭਾਰ ਵਰਗ ’ਚ ਅਤੀਸ਼ ਟੋਡਕਰ ਤੋਂ ਹਾਰ ਕੇ ਇਸ ਦੌੜ ਵਿੱਚੋਂ ਬਾਹਰ ਹੋ ਗਿਆ। ਇਸ ਭਾਰ ਵਰਗ ’ਚ ਅਮਨ ਸਹਿਰਾਵਤ ਨੇ ਜੇਤੂ ਬਣ ਕੇ ਏਸ਼ਿਆਈ ਖੇਡਾਂ ਲਈ ਟਿਕਟ ਕਟਵਾਈ ਹੈ। ਬਜਰੰਗ ਪੂਨੀਆ (65 ਕਿੱਲੋ) ਅਤੇ ਵਿਨੇਸ਼ ਫੋਗਾਟ (53 ਕਿਲੋ) ਨੂੰ ਟਰਾਇਲਾਂ ’ਤੋਂ ਛੋਟ ਦਿੱਤੀ ਗਈ ਹੈ। ਦਹੀਆ ਅਤੇ ਨਵੀਨ ਦੇ ਹਾਰਨ ਮਗਰੋਂ ਟੋਡਕਰ ਸੈਮੀਫਾਈਨਲ ’ਚ ਤਕਨੀਕੀ ਆਧਾਰ ’ਤੇ 0-4 ਅੰਕਾਂ ਨਾਲ ਹਾਰ ਗਿਆ। ਇੰਦਰਾ ਗਾਂਧੀ ਸਟੇਡੀਅਮ ’ਚ ਦੋ ਦਿਨ ਹੋਏ ਟਰਾਇਲਾਂ ਦੌਰਾਨ ਚੁਣੇ ਗਏ 18 ਪਹਿਲਵਾਨਾਂ ਵਿਚੋਂ 17 ਹਰਿਆਣਾ ਦੇ ਹਨ ਜਦਕਿ ਇੱਕ ਪਹਿਲਵਾਨ ਪੰਜਾਬ ਦਾ ਹੈ।
ਏਸ਼ਿਆਈ ਚੈਂਪੀਅਨ ਅਮਨ ਸਹਿਰਾਵਤ ਨੇ ਰਾਹੁਲ ਅਵਾਰੇ ਨੂੰ 9-6 ਨਾਲ ਹਰਾਉਣ ਮਗਰੋਂ ਅੰਕਿਤ ਅਤੇ ਸ਼ੁਭਮ ਖ਼ਿਲਾਫ਼ ਤਕਨੀਕੀ ਆਧਾਰ ’ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਵਿਸ਼ਾਲ ਕਾਲੀਰਮਨ ਨੇ 65 ਕਿੱਲੋ ਭਾਰ ਵਰਗ ਦਾ ਟਰਾਇਲ ਜਿੱਤਿਆ ਅਤੇ ਇਸ ਵਰਗ ’ਚ ਭਾਰਤ ਦੀ ਨੁਮਾਇੰਦਗੀ ਲਈ ਆਪਣਾ ਹੱਕ ਹਾਸਲ ਕਰਨ ਲਈ ਪੂਰਾ ਜ਼ੋਰ ਲਾਉਣ ਦੀ ਗੱਲ ਆਖੀ। ਉਸ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਸੁਪਰੀਮ ਕੋਰਟ ਵੀ ਜਾਵੇਗਾ। ਇਸ ਵਰਗ ’ਚ ਬਜਰੰਗ ਪੂਨੀਆ ਨੂੰ ਪਹਿਲਾਂ ਹੀ ਸਿੱਧਾ ਦਾਖਲਾ ਦਿੱਤਾ ਜਾ ਚੁੱਕਾ ਹੈ। ਫਾਈਨਲ ਵਿੱਚ ਹਿਸਾਰ ਦੇ ਵਿਸ਼ਾਲ ਨੇ ਰੋਹਿਤ ਨੂੰ 9-6 ਨਾਲ ਹਰਾਇਆ। ਓਲੰਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਦੀਪਕ ਪੂਨੀਆ ਨੇ 86 ਕਿੱਲੋ ਵਰਗ ਦੇ ਫਾਈਨਲ ’ਚ ਜੌਂਟੀ ਭਾਟੀ ਨੂੰ ਹਰਾਇਆ। ਇਸ ਤੋਂ ਇਲਾਵਾ ਸੁਮਿਤ ਮਲਿਕ (125 ਕਿੱਲੋ) ਨੇ ਵੀ ਭਾਰਤੀ ਦਲ ’ਚ ਜਗ੍ਹਾ ਪੱਕੀ ਕਰ ਲਈ ਹੈ। ਵਿੱਕੀ (97 ਕਿੱਲੋ) ਅਤੇ ਯਸ਼ (74 ਕਿੱਲੋ) ਵੀ ਆਪੋ ਆਪਣੇ ਵਰਗ ’ਚ ਜੇਤੂ ਰਹੇ।
ਏਸ਼ਿਆਈ ਖੇਡਾਂ ਲਈ ਜਾਣ ਵਾਲੇ ਦਲ ’ਚ ਗਿਆਨੇਂਦਰ (60 ਕਿੱਲੋ), ਨੀਰਜ (67 ਕਿੱਲੋ), ਵਿਕਾਸ (77 ਕਿੱਲੋ), ਸੁਨੀਲ ਕੁਮਾਰ (87 ਕਿੱਲੋ), ਨਰਿੰਦਰ ਚੀਮਾ (97 ਕਿੱਲੋ), ਨਵੀਨ (130 ਕਿੱਲੋ) (ਸਾਰੇ ਗਰੀਕੋ ਰੋਮਨ ’ਚ) ਅਤੇ ਮਹਿਲਾ ਫ੍ਰੀ-ਸਟਾਈਲ ’ਚ ਪੂਜਾ ਗਹਿਲੋਤ (50 ਕਿੱਲੋ), ਵਿਨੇਸ਼ ਫੋਗਾਟ (53 ਕਿੱਲੋ), ਮਾਨਸੀ ਅਹਿਲਾਵਤ (57 ਕਿੱਲੋ), ਸੋਨਮ ਮਲਿਕ (62 ਕਿੱਲੋ), ਰਾਧਿਕਾ (68 ਕਿੱਲੋ) ਅਤੇ ਕਿਰਨ (76 ਕਿੱਲੋ) ਜਦਕਿ ਪੁਰਸ਼ ਫ੍ਰੀ-ਸਟਾਈਲ ਸਟਾਈਲ ’ਚ ਅਮਨ ਸਹਿਰਾਵਤ (57 ਕਿੱਲੋ), ਬਜਰੰਗ ਪੂਨੀਆ (65 ਕਿੱਲੋ), ਯਸ਼ (74 ਕਿਲੋ), ਦੀਪਕ ਪੂਨੀਆ (86 ਕਿੱਲੋ), ਵਿੱਕੀ (97 ਕਿੱਲੋ) ਅਤੇ ਸੁਮਿਤ (125 ਕਿੱਲੋ) ਸ਼ਾਮਲ ਹਨ।