ਮੁੱਖ ਮੰਤਰੀ ਨੇ 72 ਪ੍ਰਿੰਸੀਪਲਾਂ ਦੇ ਬੈਚ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ

ਮੁੱਖ ਮੰਤਰੀ ਨੇ 72 ਪ੍ਰਿੰਸੀਪਲਾਂ ਦੇ ਬੈਚ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 72 ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ ‘ਸਿੰਗਾਪੁਰ ਪ੍ਰਿੰਸੀਪਲਜ਼ ਟਰੇਨਿੰਗ ਅਕੈਡਮੀ’ ਲਈ ਰਵਾਨਾ ਕੀਤਾ। ਇਸ ਮੌਕੇ ਮਾਨ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨਵੀਂ ਕ੍ਰਾਂਤੀ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਵਿਦੇਸ਼ਾਂ ’ਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ ਜਦੋਂ ਕਿ ਵਿਦਿਆਰਥੀ ਇਸਰੋ ’ਚ ਚੰਦਰਯਾਨ-3 ਲਾਂਚਿੰਗ ਵਰਗੇ ਸ਼ਾਨਦਾਰ ਮੌਕਿਆਂ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ‘ਸਕੂਲ ਆਫ ਐਮੀਨੈਂਸ’ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਦਿਅਕ ਤੇ ਸਿਲੇਬਸ ਤੋਂ ਬਾਹਰੀ ਗਤੀਵਿਧੀਆਂ ਦੇ ਕੇਂਦਰ ਵਜੋਂ ਉਭਰਿਆ ਹੈ। ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਸੂਬੇ ਵਿੱਚ ਵਿਦੇਸ਼ ਜਾ ਰਹੇ ਨੌਜਵਾਨਾਂ ਦੇ ਰੁਝਾਨ ਨੂੰ ਖਤਮ ਕਰਨਾ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਾਕਾਰਾਤਮਕ ਦਿਸ਼ਾ ਵੱਲ ਲਿਜਾਣਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਸੂਬੇ ਦੇ ਵਿਦਿਆਰਥੀ ਹਰ ਖੇਤਰ ’ਚ ਮੱਲਾਂ ਮਾਰਨਗੇ ਤੇ ਸੂਬੇ ਦਾ ਨਾਂ ਰੌਸ਼ਨ ਕਰਨਗੇ।ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਸਿਖਲਾਈ ਦੌਰਾਨ ਇਹ ਪ੍ਰਿੰਸੀਪਲ ਵਿਦੇਸ਼ਾਂ ’ਚ ਪ੍ਰਚਲਿਤ ਆਧੁਨਿਕ ਅਧਿਆਪਨ ਮੁਹਾਰਤ ਹਾਸਲ ਕਰਨਗੇ।