ਗੁਰਬਾਣੀ ਪ੍ਰਸਾਰਨ ਲਈ ਇੱਕੋ ਚੈਨਲ ਨੂੰ ਕਿਉਂ ਪੁੱਛਿਆ ਜਾ ਰਿਹੈ: ਭਗਵੰਤ ਮਾਨ

ਗੁਰਬਾਣੀ ਪ੍ਰਸਾਰਨ ਲਈ ਇੱਕੋ ਚੈਨਲ ਨੂੰ ਕਿਉਂ ਪੁੱਛਿਆ ਜਾ ਰਿਹੈ: ਭਗਵੰਤ ਮਾਨ

  • ਸ਼੍ਰੋਮਣੀ ਕਮੇਟੀ ’ਤੇ ਬਾਦਲ ਪਰਿਵਾਰ ਦੇ ਇਸ਼ਾਰਿਆਂ ’ਤੇ ਕੰਮ ਕਰਨ ਅਤੇ ਮਸਲੇ ਨੂੰ ਬਿਨਾਂ ਵਜ੍ਹਾ ਲਮਕਾਉਣ ਦਾ ਦੋਸ਼ ਲਾਇਆ
    ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਬਾਦਲਾਂ ਦੇ ਚੈਨਲ ਦੀ ਚੌਧਰ ਚਮਕਾਉਣ ਲਈ ਗੁਰਬਾਣੀ ਦਾ ਪ੍ਰਸਾਰਨ ਕਰਨ ਤੋਂ ਪੈਰ ਪਿਛਾਂਹ ਖਿੱਚਣ ਦੀ ਸਖਤ ਨਿਖੇਧੀ ਕੀਤੀ ਹੈ। ਮਾਨ ਨੇ ਕਿਹਾ ਕਿ ਮਨੁੱਖਤਾ ਦੇ ਹਿੱਤਾਂ ਦੀ ਖਾਤਰ ਸੁਹਿਰਦ ਪਹੁੰਚ ਅਪਣਾਉਣ ਦੀ ਬਜਾਏ ਸ਼੍ਰੋਮਣੀ ਕਮੇਟੀ ਗੁਰਬਾਣੀ ਦੇ ਮੁਫਤ ਪ੍ਰਸਾਰਨ ਦੇ ਮਸਲੇ ਨੂੰ ਬਿਨਾਂ ਵਜ੍ਹਾ ਲਮਕਾ ਕੇ ਬਾਦਲ ਪਰਿਵਾਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਚੈਨਲ ਗੁਰਬਾਣੀ ਪ੍ਰਸਾਰਨ ਕਰਨ ਲਈ ਤਿਆਰ ਹਨ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹੀ ਨਿੱਜੀ ਚੈਨਲ ਨੂੰ ਪ੍ਰਸਾਰਨ ਕਰਨ ਦੀ ਅਪੀਲ ਕਿਉਂ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਹੋਰ ਚੈਨਲ ਨੂੰ ਪ੍ਰਸਾਰਨ ਕਰਨ ਲਈ ਕਿਉਂ ਨਹੀਂ ਕਹਿ ਰਹੀ।
    ਉਨ੍ਹਾਂ ਕਿਹਾ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਇਕ ਸਾਲ ਪਹਿਲਾਂ ਗੁਰਬਾਣੀ ਦਾ ਮੁਫਤ ਪ੍ਰਸਾਰਨ ਕਰਨ ਲਈ ਕਿਹਾ ਸੀ ਪਰ ਕਮੇਟੀ ਉਸ ਸਮੇਂ ਤੋਂ ਹੱਥ ’ਤੇ ਹੱਥ ਧਰ ਕੇ ਬੈਠੀ ਹੈ। ਹੁਣ ਵੀ ਜਥੇਦਾਰ ਨੇ ਉਸੇ ਚੈਨਲ ਨੂੰ ਗੁਰਬਾਣੀ ਦਾ ਪ੍ਰਸਾਰਨ ਜਾਰੀ ਰੱਖਣ ਲਈ ਕਿਹਾ ਹੈ ਤਾਂ ਕਿ ਆਪਣੇ ਆਕਾਵਾਂ ਨੂੰ ਖੁਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੂਬਾ ਸਰਕਾਰ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਗੁਰਬਾਣੀ ਦੇ ਲਾਈਵ ਤੇ ਮੁਫਤ ਪ੍ਰਸਾਰਣ ਲਈ ਸਾਰੇ ਬੰਦੋਬਸਤ 24 ਘੰਟਿਆਂ ’ਚ ਕੀਤੇ ਜਾ ਸਕਦੇ ਹਨ। ਇਸ ਨਾਲ ਹਰ ਸੈਟੇਲਾਈਟ ਚੈਨਲ ਅਤੇ ਵੈੱਬ ਚੈਨਲ ’ਤੇ ਗੁਰਬਾਣੀ ਦੇ ਮੁਫਤ ਪ੍ਰਸਾਰਣ ਨੂੰ ਯਕੀਨੀ ਬਣਾਇਆ ਜਾ ਸਕੇਗਾ, ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਹੋਵੇਗਾ।
    ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਵੱਲੋਂ ਵੀ ਸਿੱਖ ਗੁਰਦੁਆਰਾ (ਸੋਧ) ਬਿੱਲ-2023 ਨੂੰ ਮਨਜ਼ੂਰੀ ਦੇਣ ਨੂੰ ਬਿਨਾਂ ਵਜ੍ਹਾ ਲਟਕਾਇਆ ਜਾ ਰਿਹਾ ਹੈ। ਇਸ ਬਿੱਲ ਦਾ ਉਦੇਸ਼ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਹੱਕ ਵਿਸ਼ੇਸ਼ ਪਰਿਵਾਰ ਦੇ ਕੰਟਰੋਲ ’ਚੋਂ ਕੱਢ ਕੇ ਮੁਫਤ ਪ੍ਰਸਾਰਨ ਕਰਨਾ ਹੈ। ਇਹ ਬਿੱਲ ਗੁਰਬਾਣੀ ਨੂੰ ਘਰ-ਘਰ ਪਹੁੰਚਾਏ ਜਾਣ ਨੂੰ ਯਕੀਨੀ ਬਣਾਉਣ ਲਈ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪਾਸਾਰ ਲਈ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਲਾਈਵ ਪ੍ਰਸਾਰਨ ਸਾਰੇ ਮੀਡੀਆ ਘਰਾਣਿਆਂ, ਆਊਟਲੈੱਟਜ਼, ਪਲੇਟਫਾਰਮ ਅਤੇ ਚੈਨਲਾਂ ਨੂੰ ਮੁਹੱਈਆ ਕਰਵਾਉਣਾ ਸ਼੍ਰੋਮਣੀ ਕਮੇਟੀ ਦਾ ਫਰਜ਼ ਹੈ।