ਸ਼੍ਰੋਮਣੀ ਕਮੇਟੀ ਦਾ ਵੈੱਬ ਚੈਨਲ ਸ਼ੁਰੂ; ਗੁਰਬਾਣੀ ਦਾ ਪ੍ਰਸਾਰਨ 24 ਤੋਂ

ਸ਼੍ਰੋਮਣੀ ਕਮੇਟੀ ਦਾ ਵੈੱਬ ਚੈਨਲ ਸ਼ੁਰੂ; ਗੁਰਬਾਣੀ ਦਾ ਪ੍ਰਸਾਰਨ 24 ਤੋਂ

ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਦੇ ਕੀਰਤਨ ਦੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਵੈੱਬ ਚੈਨਲ ਆਰੰਭ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੈਪਟਾਪ ਰਾਹੀਂ ਇਸ ਚੈਨਲ ਨੂੰ ਲਾਂਚ ਕੀਤਾ। ਇਸ ਦਾ ਸਿੱਧਾ ਪ੍ਰਸਾਰਨ ਕੁਝ ਸਮੇਂ ਲਈ ਦਿਖਾਇਆ ਗਿਆ। ਇਹ ਚੈਨਲ ਭਲਕੇ 24 ਜੁਲਾਈ ਤੋਂ ਗੁਰਬਾਣੀ ਤੇ ਕੀਰਤਨ ਦਾ ਪ੍ਰਸਾਰਨ ਆਰੰਭ ਕਰੇਗਾ। ਚੈਨਲ ਦੀ ਆਰੰਭਤਾ ਗੁਰਮਤਿ ਰਵਾਇਤ ਅਨੁਸਾਰ ਸ੍ਰੀ ਆਖੰਡ ਪਾਠ ਦੇ ਭੋਗ ਪਾ ਕੇ ਕੀਤੀ ਗਈ। ਮਗਰੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ ਸਮਾਗਮ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਚੈਨਲ ਦੀ ਆਰੰਭਤਾ ਮੌਕੇ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਲਦੀ ਹੀ ਆਪਣਾ ਸੈਟੇਲਾਈਟ ਚੈਨਲ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਖ਼ੁਲਾਸਾ ਕੀਤਾ ਕਿ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਤੱਕ ਪੀਟੀਸੀ ਵੱਲੋਂ ਪਹਿਲਾਂ ਵਾਂਗ ਹੀ ਗੁਰਬਾਣੀ ਦੇ ਕੀਰਤਨ ਦਾ ਪ੍ਰਸਾਰਨ ਜਾਰੀ ਰੱਖਿਆ ਜਾਵੇਗਾ।