ਪਾਣੀ ਵਾਰ ਬੰਨੇ ਦੀਏ ਮਾਏ…

ਪਾਣੀ ਵਾਰ ਬੰਨੇ ਦੀਏ ਮਾਏ…

ਕੁਲਦੀਪ ਸਿੰਘ ਸਾਹਿਲ

ਪਾਣੀ ਵਾਰ ਬੰਨੇ ਦੀਏ ਮਾਏ
ਬੰਨਾ ਤੇਰਾ ਬਾਹਰ ਖੜ੍ਹਾ।
ਜਦੋਂ ਲਾੜਾ ਨਵੀਂ ਵਿਆਹੀ ਵਹੁਟੀ ਨੂੰ ਵਿਆਹ ਕੇ ਘਰ ਲੈ ਕੇ ਆਉਂਦਾ ਸੀ ਤਾਂ ਉਸ ਦੀ ਮਾਂ ਦੋਵਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਸੀ ਤੇ ਉੱਥੇ ਮੌਜੂਦ ਔਰਤਾਂ ਵੱਲੋਂ ਉਪਰੋਕਤ ਗੀਤ ਗਾਇਆ ਜਾਂਦਾ ਸੀ। ਇਹ ਰੀਤੀ ਰਿਵਾਜ ਮਾਂ ਵੱਲੋਂ ਉਨ੍ਹਾਂ ਦੇ ਦੁੱਖ ਤਕਲੀਫ਼ਾਂ ਨੂੰ ਆਪਣੇ ਸਿਰ ਲੈਣ ਅਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਕੀਤਾ ਜਾਂਦਾ ਸੀ ਅਤੇ ਪਿੰਡ ਦੀਆਂ ਔਰਤਾ ਵੱਲੋਂ ਇਹੋ ਜਿਹੇ ਗੀਤ ਗਾਏ ਜਾਂਦੇ ਸਨ। ਵਕਤ ਦੇ ਨਾਲ ਨਾਲ ਬਹੁਤ ਕੁਝ ਬਦਲ ਚੁੱਕਾ ਹੈ। ਇਹੋ ਜਿਹੇ ਗੀਤ, ਸਿੱਠਣੀਆਂ ਅਤੇ ਮੋਹ ਭਰਿਆ ਵਿਆਹਾਂ ਦਾ ਚਾਅ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ ਹੈ।
ਅੱਜਕੱਲ੍ਹ ਵਿਆਹ ਸਮਾਗਮ ਮੈਰਿਜ ਪੈਲੇਸਾਂ ਵਿੱਚ ਹੋਣ ਦਾ ਰੁਝਾਨ ਪੈਦਾ ਹੋ ਗਿਆ ਹੈ ਜਿੱਥੇ ਵਿਆਹ ਸਿਰਫ਼ ਤਿੰਨ ਚਾਰ ਘੰਟਿਆਂ ਵਿੱਚ ਹੀ ਨਿੱਬੜ ਜਾਂਦਾ ਹੈ। ਅਜੋਕੇ ਸਮੇਂ ਵਿੱਚ ਵਿਆਹ ਨਾਲ ਜੁੜੀਆਂ ਕਈ ਰਸਮਾਂ ਘੱਟ ਸਮੇਂ ਦੀ ਭੇਟ ਚੜ੍ਹਨ ਕਾਰਨ ਅਲੋਪ ਹੋ ਗਈਆਂ ਹਨ। ਹੁਣ ਬਰਾਤ ਬਹੁਤ ਥੋੜ੍ਹਾ ਸਮਾਂ ਠਹਿਰਦੀ ਹੈ। ਭਾਂਤ-ਭਾਂਤ ਦੇ ਮਹਿੰਗੇ ਸਵਾਦਲੇ ਪਕਵਾਨ ਪਰੋਸੇ ਜਾਂਦੇ ਹਨ, ਪਰ ਪਹਿਲਾਂ ਵਾਂਗ ਕੜਾਹੇ ਵਿੱਚ ਵੱਟੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦੇ ਲੱਡੂ ਸਾਡੇ ਤੋਂ ਕੋਹਾਂ ਦੂਰ ਚਲੇ ਗਏ ਹਨ। ਅਜਿਹੇ ਮੌਕੇ ’ਤੇ ਅਕਸਰ ਸਾਦਗੀ ਭਰੇ ਪੁਰਾਣੇ ਵਿਆਹਾਂ ਦੀ ਯਾਦ ਆਉਣਾ ਸੁਭਾਵਿਕ ਹੈ।
ਜੇਕਰ 1970 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਸਮਿਆਂ ਵਿੱਚ ਵਿਆਹ ਤੋਂ ਪਹਿਲਾਂ ਮੰਗਣਾ ਕਰਨ ਦਾ ਰਿਵਾਜ ਹੁੰਦਾ ਸੀ, ਜਿਸ ਦੀਆਂ ਰੌਣਕਾਂ ਦੋ ਤਿੰਨ ਦਿਨਾਂ ਤੱਕ ਰਹਿੰਦੀਆਂ। ਕੁੜੀ ਦੇ ਪਰਿਵਾਰ ਵਾਲੇ ਮੁੰਡੇ ਦੇ ਘਰ ਸ਼ਗਨ ਲੈ ਕੇ ਜਾਂਦੇ ਸੀ। ਕੁੜੀ ਪਰਿਵਾਰ ਦਾ ਮੁਖੀ ਮੁੰਡੇ ਨੂੰ ਹਲਦੀ-ਚੌਲਾਂ ਦਾ ਤਿਲਕ ਲਗਾ ਕੇ, ਇੱਕ ਚਾਂਦੀ ਦਾ ਰੁਪਈਆ ਝੋਲੀ ਪਾ ਕੇ ਗੁੜ ਦੀ ਰੋੜੀ ਮੁੰਡੇ ਦੇ ਮੂੰਹ ’ਚ ਪਾ ਕੇ ਸ਼ਗਨ ਕਰਦਾ ਸੀ। ਇਸ ਮੌਕੇ ਪਿੰਡ ਦੇ ਲੋਕ, ਰਿਸ਼ਤੇਦਾਰ ਇਕੱਠੇ ਹੋਏ ਹੁੰਦੇ। ਔਰਤਾਂ ਵੱਲੋਂ ਸ਼ਗਨਾਂ ਦੇ ਗੀਤ ਤੇ ਦੋਹੇ ਗਾਏ ਜਾਂਦੇ ਸਨ। ਪਤਾਸੇ ਦਿੱਤੇ ਜਾਂਦੇ ਸਨ।
ਰਿਸ਼ਤਾ ਹੋਣ ਸਮੇਂ ਮੁੰਡੇ-ਕੁੜੀਆਂ ਇੱਕ-ਦੂਜੇ ਨੂੰ ਨਹੀਂ ਸੀ ਵੇਖਦੇ। ਜਿਹੋ ਜਿਹਾ ਮਾਪੇ ਵਰ ਲੱਭ ਦਿੰਦੇ ਸੀ, ਉਹੀ ਪ੍ਰਵਾਨ ਹੁੰਦਾ ਸੀ। ਉਸ ਵੇਲੇ ਫੋਟੋਗ੍ਰਾਫੀ ਦਾ ਦੌਰ ਵੀ ਨਹੀਂ ਸੀ ਆਇਆ। ਵਿਆਹ ਤੋਂ ਸਵਾ ਮਹੀਨਾ ਪਹਿਲਾਂ ਵਿਚੋਲੇ ਰਾਹੀਂ ਵਿਆਹ ਦੀ ਚਿੱਠੀ ਭੇਜੀ ਜਾਂਦੀ ਜਿਸ ਉਪਰੰਤ ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਪਿੰਡ ਦਾ ਰਾਜਾ (ਨਾਈ) ਵਿਆਹ ਦੀ ਚਿੱਠੀ ਲੈ ਕੇ ਸਾਕ-ਸ਼ਰੀਕੇ ਵਿੱਚ ਜਾਂਦਾ। ਪਰਿਵਾਰ ਦੇ ਨਵੇਂ ਕੱਪੜੇ ਸਿਉਣ ਲਈ ਘਰੇਂ ਦਰਜ਼ੀ ਬਿਠਾਇਆ ਜਾਂਦਾ, ਜੋ ਸਾਰੇ ਪਰਿਵਾਰ ਤੇ ਸ਼ਰੀਕੇ ਵਾਲਿਆਂ ਦੇ ਨਵੇਂ ਕੱਪੜੇ ਸਿਊਂਦਾ ਸੀ। ਸੱਤ ਦਿਨ ਪਹਿਲਾਂ ਹੀ ਹਲਵਾਈ ਆਪਣੀਆਂ ਭੱਠੀਆਂ ਤੇ ਕੜਾਹੇ ਖੁਰਚਣੇ ਲੈ ਕੇ ਵਿਆਹ ਵਾਲੇ ਘਰੇ ਰੌਣਕਾਂ ਲਗਾ ਲੈਂਦਾ ਸੀ। ਕੱਚੇ ਘਰਾ ’ਚ ਪਾਂਡੂ ਮਿੱਟੀ ਦੀ ਤਲੀ ਫੇਰ ਕੇ ਕੰਧਾਂ-ਕਧੋਲੀਆਂ ’ਤੇ ਤੋਤੇ, ਮੋਰ ਘੁੱਗੀਆਂ ਦੇ ਚਿੱਤਰ ਬਣਾਉਣ ਦਾ ਰਿਵਾਜ ਹੁੰਦਾ ਸੀ।
ਵਿਆਹ ਵਾਲੇ ਦਿਨ ਘਰ ’ਚ ਰੰਗ-ਬਿਰੰਗੇ ਕਾਗਜ਼ ਦੀਆਂ ਝੰਡੀਆਂ ਜੋੜ ਕੇ ਬਣਾਈਆਂ ਹੋਈਆਂ ਲੜੀਆਂ ਬੰਨ੍ਹੀਆਂ ਜਾਂਦੀਆਂ। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਮੇਲ-ਗੇਲ ਦੇ ਪੈਣ-ਬੈਠਣ ਨੂੰ ਪਿੰਡ ਵਿੱਚੋਂ ਘਰੋਂ-ਘਰੀਂ ਮੰਜੇ-ਬਿਸਤਰੇ ਇਕੱਠੇ ਕੀਤੇ ਜਾਂਦੇ। ਵਿਆਹ ਤੋਂ ਮਹਿਨਾ ਪਹਿਲਾਂ ਹੀ ਔਰਤਾਂ ਵੱਲੋਂ ਸ਼ਗਨਾਂ ਦੇ ਗੀਤ, ਘੋੜੀਆਂ, ਸੁਹਾਗ ਗਾਏ ਜਾਂਦੇ ਸਨ। ਵਿਆਹਾਂ ਵਿੱਚ ਨਿਉਂਦੇ ਦੀ ਰਸਮ ਅਹਿਮ ਹੁੰਦੀ ਸੀ। ਵਿਆਹ ਸਮਾਗਮ ਸਮੇਂ ਰਿਸ਼ਤੇਦਾਰ ਤੇ ਪਰਿਵਾਰ ਦੇ ਨੇੜਲੇ ਮਿੱਤਰ ਆਪਣੀ ਪਹੁੰਚ ਮੁਤਾਬਕ ਪੈਸੇ ਆਦਿ ਦੀ ਮਦਦ ਕਰਦੇ ਸਨ ਜੋਂ ਕੁਝ ਰਕਮ ਵਧਾ ਕੇ ਅਗਲਿਆਂ ਦੇ ਵਿਆਹ ਵਿੱਚ ਵਾਪਸ ਕਰ ਦਿੰਦੇ ਸਨ।
ਵਿਆਹ ਵਿੱਚ ਨਾਨਕਿਆਂ ਦੀ ਪੂਰੀ ਬੱਲੇ-ਬੱਲੇ ਹੁੰਦੀ ਸੀ। ਪਿੰਡ ਦੀ ਜੂਹ ਅੰਦਰ ਵੜਦਿਆਂ ਹੀ ਨਾਨਕਾ-ਮੇਲ ਸ਼ਗਨਾਂ ਦੇ ਗੀਤ ਅਤੇ ਦੋਹੇ ਲਾਉਂਦਾ ਵਿਆਹ ਵਾਲਿਆਂ ਦੇ ਘਰ ਤੱਕ ਆਉਂਦਾ:
ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ
ਖਾਧੇ ਸੀ ਮਾਂਹ, ਜੰਮੇ ਸੀ ਕਾਂ।
ਕਾਂ-ਕਾਂ ਕਰਦੀਆਂ ਵੇ ਤੇਰੀਆਂ ਦਾਦਕੀਆਂ।
ਘਰ ਆਉਣ ’ਤੇ ਲਾਗੀ ਤੇਲ ਚੋਂਦਾ ਤੇ ਝੋਲੀ ਲੱਡੂ ਤੇ ਸ਼ਗਨ ਪਾ ਕੇ ਨਾਨਕਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਅਤੇ ਦਾਦਕੀਆਂ ਵੱਲੋਂ ਵੀ ਗੀਤ ਗਾਇਆ ਜਾਂਦਾ: ਕਿੱਥੇ ਗਈਆਂ ਲਾੜਿਆ ਵੇ ਤੇਰੀਆਂ ਨਾਨਕੀਆਂ।
ਖਾਣਗੀਆਂ ਲੱਡੂ, ਜੰਮਣਗੀਆਂ ਡੱਡੂ।
ਟੋਭੇ ਨਾਵ੍ਹਣ ਆਈਆਂ ਵੇ
ਲਾੜਿਆ ਤੇਰੀਆਂ ਨਾਨਕੀਆਂ।
‘ਛੱਕ’ ਪੂਰਨ ਕਰ ਕੇ ਨਾਨਕਿਆਂ ਦੀ ਵਿਆਹ ਵਿੱਚ ਪੂਰੀ ਚਹਿਲ-ਪਹਿਲ ਹੁੰਦੀ। ਰਾਤ ਨੂੰ ਨਾਨਕਾ ਪਰਿਵਾਰ ਦੀਆਂ ਮੇਲਣਾਂ ਵੱਲੋਂ ਘੱਗਰੇ ਪਾ ਕੇ ਸਾਰੇ ਪਿੰਡ ਵਿੱਚ ਜਾਗੋ ਕੱਢੀ ਜਾਂਦੀ। ਦੇਰ ਰਾਤ ਤੱਕ ਗਿੱਧਾ ਪੈਂਦਾ ਰਹਿੰਦਾ। ਜਦੋਂ ਨਾਨਕਿਆਂ ਵੱਲੋਂ ਛੱਜ ਕੁੱਟਿਆ ਜਾਂਦਾ ਤਾਂ ਫਿਰ ਕਿਤੇ ਜਾ ਕੇ ਗਿੱਧੇ ਦੀ ਸਮਾਪਤੀ ਕੀਤੀ ਜਾਂਦੀ। ਵਿਆਂਦੜ ਦੇ ਚਿਹਰੇ ’ਤੇ ਨਿਖਾਰ ਅਤੇ ਖ਼ੂਬਸੂਰਤੀ ਲਿਆਉਣ ਲਈ ਵਟਣਾ ਲਾਉਣ ਦਾ ਰਿਵਾਜ ਸੀ। ਭੈਣਾਂ ਆਪਣੇ ਵੀਰ ਦੇ ਮੱਥੇ ’ਤੇ ਸਿਹਰਾ ਤੇ ਕਲਗੀ ਸਜਾ ਕੇ ਸ਼ਗਨਾਂ ਦੇ ਗੀਤ ਤੇ ਘੋੜੀਆਂ ਗਾਉਂਦੀਆਂ। ਉਨ੍ਹਾਂ ਸਮਿਆਂ ਵਿੱਚ ਬਰਾਤ ਊਠਾਂ, ਘੋੜੀਆਂ ਤੇ ਗੱਡਿਆਂ ’ਤੇ ਜਾਂਦੀ ਸੀ। ਲਾੜਾ ਰੱਥ ਗੱਡੀ ’ਤੇ ਜਾਂਦਾ ਸੀ। 1970 ਤੋਂ ਬਾਅਦ ਬਰਾਤ ਟਰੈਕਟਰ, ਟਰੱਕ, ਬੱਸਾਂ ਅਤੇ ਫਿਰ ਕਾਰਾਂ ’ਤੇ ਜਾਣੀ ਸ਼ੁਰੂ ਹੋਈ। ਉਦੋਂ ਔਰਤਾਂ ਦੇ ਬਰਾਤ ਜਾਣ ਦਾ ਰਿਵਾਜ ਨਹੀਂ ਸੀ ਹੁੰਦਾ, ਸਿਰਫ਼ ਮਰਦ ਹੀ ਬਰਾਤ ਜਾਂਦੇ। ਔਰਤਾਂ ਘਰੇ ਹੀ ਗਿੱਧਾ-ਬੋਲੀਆ ਪਾ ਕੇ ਵਿਆਹ ਦੀ ਖ਼ੁਸ਼ੀ ਦੇ ਸ਼ਗਨ ਮਨਾਉਂਦੀਆਂ। ਕੁੜੀ ਵਾਲਿਆਂ ਦੇ ਘਰ ਬਰਾਤ ਢੁਕਣ ਉਤੇ ਔਰਤਾਂ ਵੱਲੋਂ ਸ਼ਗਨਾਂ ਦਾ ਗੀਤ ਗਾਇਆ ਜਾਂਦਾ ਸੀ:
* ਲਾੜਾ ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ।
ਨਾਲ ਬੇਬੇ ਨੂੰ ਨਾ ਲਿਆਇਆ ਵੇ ਅੱਜ ਦੀ ਘੜੀ।
* ਖੜ੍ਹਾ ਵੇ ਖਲੋਤਾ ਤੇਰਾ ਲੱਕ ਥੱਕ ਜੂ।
ਨਾਲ ਭੈਣਾਂ ਨੂੰ ਖੜ੍ਹਾ ਲੈ ਵੇ ਅੜੋਕਣ ਲੱਗ ਜੂ।
ਬਰਾਤ ਦਾ ਠਹਿਰਾਉ ਪਿੰਡ ਦੀ ਧਰਮਸ਼ਾਲਾ ਵਿੱਚ ਹੁੰਦਾ ਸੀ ਜਿੱਥੇ ਬਰਾਤੀਆਂ ਦੇ ਪੈਣ-ਬੈਠਣ ਲਈ ਮੰਜੇ ਬਿਸਤਰੇ ਲਗਾਏ ਹੁੰਦੇ। ਬਰਾਤ ਦੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕੀਤਾ ਹੁੰਦਾ। ਸਵੇਰੇ ਧਰਮਸ਼ਾਲਾ ਵਿੱਚ ਹੀ ਚਾਹ ਲਿਆ ਕੇ ਪਿੱਤਲ ਦੇ ਵੱਡੇ ਗਲਾਸਾਂ ਵਿੱਚ ਚਾਹ ਵਰਤਾਈ ਜਾਂਦੀ ਅਤੇ ਲਫਾਫੀਆਂ ਵਿੱਚ ਬਦਾਨਾ-ਭੁਜੀਆ ਦਿੱਤਾ ਜਾਂਦਾ। ਉਦੋਂ ਪੱਥਰ ਦੇ ਰਿਕਾਰਡ ਹੁੰਦੇ ਸੀ ਜੋ ਚਾਬੀ ਵਾਲੀ ਮਸ਼ੀਨ ਨਾਲ ਚੱਲਦੇ ਸੀ। ਬਰਾਤ ਆਪਣੇ ਨਾਲ ਬੀਨ ਵਾਲਾਂ ਬਾਜ਼ਾ ਨਾਲ ਲੈ ਕੇ ਜਾਂਦੀ ਸੀ। ਉਨ੍ਹਾਂ ਸਮਿਆਂ ਵਿੱਚ ਮਜ਼ਾਕ ਦਾ ਕੋਈ ਗੁੱਸਾ ਨਹੀਂ ਸੀ ਕਰਦਾ। ਰੋਟੀ ਖਾਣ ਬੈਠੀ ਬਰਾਤ ਨੂੰ ਮੇਲਣਾਂ ਦੋਹੇ ਲਾਉਂਦੀਆਂ, ਸਿੱਠਣੀਆਂ ਸੁਣਾਉਂਦੀਆਂ ਤੇ ਹਾਸਾ ਮਜ਼ਾਕ ਕਰਦੀਆਂ:
ਜਾਂਞੀਓ ਮਾਂਜੀਓ, ਕਿਹੜੇ ਵੇਲੇ ਹੋਏ ਨੇ।
ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।
ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਖਾ ਰਹੇ ਹੋ ਤਾਂ ਉੱਠੋ ਸਹੀ।
ਇਸ ਮੌਕੇ ਸਾਦਾ ਭੋਜਨ ਕਣਕ ਦੀ ਰੋਟੀ, ਚੌਲ, ਦਾਲ-ਸਬਜ਼ੀ, ਬੂੰਦੀ, ਸ਼ੱਕਰ-ਦੇਸੀ ਖੰਡ ਤੇ ਦੇਸੀ ਘਿਉ ਆਦਿ ਹੇਠਾਂ ਬੈਠ ਕੇ ਹੀ ਵਰਤਾਇਆ ਜਾਂਦਾ ਸੀ। ਜਿਸ ਬਰਾਤੀ ਦੀ ਉਸ ਪਿੰਡ ਵਿੱਚ ਕੋਈ ਕੁੜੀ ਵਿਆਹੀ ਹੁੰਦੀ, ਉਸ ਘਰ ਸਬੰਧਤ ਬਰਾਤੀ ‘ਪੱਤਲ’ ਦੇਣ ਜ਼ਰੂਰ ਜਾਂਦਾ। ਰਾਤ ਦੀ ਰੋਟੀ ਵੇਲੇ ਬਿਜਲੀ ਦਾ ਖ਼ਾਸ ਪ੍ਰਬੰਧ ਨਾ ਹੋਣ ਕਰ ਕੇ ‘ਗੈਸ ਵਾਲੀਆਂ ਲਾਈਟਾਂ’ ਨਾਲ ਚਾਨਣ ਕੀਤਾ ਜਾਂਦਾ। ਬਰਾਤ ਦੇ ਸੌਣ ਦਾ ਇੰਤਜ਼ਾਮ ਵੀ ਧਰਮਸ਼ਾਲਾ ਵਿੱਚ ਹੀ ਕੀਤਾ ਜਾਂਦਾ। ਆਨੰਦ ਕਾਰਜ ਦੀ ਰਸਮ ਸਵੇਰੇ ਚਾਰ ਵਜੇ ਕੀਤੀ ਜਾਂਦੀ ਸੀ। ਅਹਿਮ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ ਜਿੱਥੇ ਆਨੰਦ ਕਾਰਜਾਂ ਜਾਂ ਫੇਰਿਆਂ ਦੀ ਰਸਮ ਨੂੰ ਮਰਿਆਦਾ ਨਾਲ ਸੰਪੂਰਨ ਕੀਤਾ ਜਾਂਦਾ। ਲਾੜੀ ਦੀਆਂ ਸਖੀਆਂ ਵੱਲੋਂ ਸਿੱਖਿਆ ਪੜ੍ਹੀ ਜਾਂਦੀ। ਦੁਪਹਿਰ ਦੀ ਰੋਟੀ ਤੋਂ ਬਾਅਦ ਢਲਦੇ ਪਰਛਾਵੇਂ ਬਰਾਤ ਨੂੰ ਚਾਹ ਪਿਆਈ ਜਾਂਦੀ ਤੇ ਡੋਲੀ ਲੈ ਕੇ ਬਰਾਤ ਦੀ ਵਿਦਾਇਗੀ ਹੋ ਜਾਂਦੀ। ਜਦੋਂ ਲਾੜਾ ਨਵੀਂ ਵਿਆਹੀ ਵਹੁਟੀ ਨੂੰ ਲੈ ਕੇ ਘਰ ਪਹੁੰਚਦਾ ਸੀ ਤਾਂ ਉੱਥੇ ਗੀਤ ਗਾਇਆ ਜਾਂਦਾ ਸੀ:
ਅੰਦਰੋਂ ਨਿਕਲ ਬੰਨੇ ਦੀਏ ਮਾਏਂ
ਬੰਨਾ ਤੇਰਾ ਬਾਹਰ ਖੜ੍ਹਾ ।
ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਤੇਰਾ ਬਾਹਰ ਖੜ੍ਹਾ।
ਸੁੱਖਾਂ ਸੁੱਖਦੀ ਨੂੰ ਇਹ ਦਿਨ ਆਏ
ਬੰਨਾ ਤੇਰਾ ਬਾਹਰ ਖੜ੍ਹਾ।
ਦਾਜ ਵਿੱਚ ਮਾਪਿਆਂ ਵੱਲੋਂ ਲੜਕੀ ਨੂੰ ਇੱਕ ਲੱਕੜ ਦਾ ਵੱਡਾ ਸੰਦੂਕ ਤੇ ਪਲੰਘ ਦਿੱਤਾ ਜਾਂਦਾ ਸੀ। 1970ਵਿਆਂ ਦੇ ਦਹਾਕੇ ਵਿੱਚ ਲਾੜੇ ਨੂੰ ਸਾਈਕਲ, ਰੇਡੀਉ, ਘੜੀ ਆਦਿ ਦੇਣ ਦਾ ਰਿਵਾਜ ਵੀ ਬਹੁਤ ਸੀ। ਉਨ੍ਹਾਂ ਸਮਿਆਂ ਵਿੱਚ ਵਿਆਹ ਤੋਂ ਬਾਅਦ ਵਿਆਹ ਵਾਲੀ ਕੁੜੀ ਸਹੁਰੇ ਇੱਕ ਰਾਤ ਰਹਿ ਕੇ ਅਗਲੇ ਦਿਨ ਵਾਪਸ ਪੇਕੇ ਆ ਜਾਂਦੀ ਸੀ। ਦੋ-ਤਿੰਨ ਸਾਲ ਬਾਅਦ ਮੁਕਲਾਵਾ ਦਿੱਤਾ ਜਾਂਦਾ ਸੀ। ਮੁਕਲਾਵਾ ਲੈਣ ਸਮੇਂ ਪਰਿਵਾਰ ਦੇ ਅਹਿਮ ਰਿਸ਼ਤੇਦਾਰ ਵਿਆਹ ਵਾਲੇ ਮੁੰਡੇ ਦੇ ਨਾਲ ਜਾਂਦੇ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵਿਆਹ ਨਿਆਣੀ ਉਮਰੇ ਕਰ ਦਿੱਤੇ ਜਾਂਦੇ ਸੀ ਤੇ ਕੁੜੀ ਦੇ ਮੁਟਿਆਰ ਹੋਣ ਉੱਤੇ ਮੁਕਲਾਵਾ ਦਿੱਤਾ ਜਾਂਦਾ ਸੀ ਤਾਂਕਿ ਉਹ ਸਹੁਰੇ-ਘਰ ਦੇ ਕੰਮਾਂ ਕਾਰਾਂ ਨੂੰ ਸਾਂਭ ਸਕੇ ਕਿਉਂਕਿ ਉਨ੍ਹਾਂ ਸਮਿਆਂ ਵਿੱਚ ਸਾਂਝੇ ਪਰਿਵਾਰ ਹੁੰਦੇ ਸਨ। ਜ਼ਮੀਨਾਂ ਘੱਟ ਹੁੰਦੀਆਂ ਸਨ ਤੇ ਪਰਿਵਾਰ ਵੱਡੇ ਹੁੰਦੇ ਸਨ।
ਪਹਿਲਾਂ ਲੋਕਾਂ ਕੋਲ ਸਮਾਂ ਸੀ, ਆਪਸੀ ਸਾਂਝ ਸੀ, ਪੈਸੇ ਨਾਲੋਂ ਰਿਸ਼ਤਿਆਂ ਦੀ ਵਧੇਰੇ ਅਹਿਮੀਅਤ ਸੀ। ਸਾਦਾ ਜੀਵਨ ਸੀ, ਖ਼ਰਚੇ ਘੱਟ ਤੇ ਆਪਸੀ ਪਿਆਰ ਵੱਧ ਸੀ। ਅੱਜ ਸਮਾਂ ਬਹੁਤ ਬਦਲ ਗਿਆ ਹੈ। ਕਿਸੇ ਕੋਲ ਸਮਾਂ ਨਹੀਂ ਹੈ। ਜਿਹੜਾ ਵਿਆਹ ਦਾ ਚਾਅ ਮਹੀਨਿਆਂ ਤੱਕ ਰਹਿੰਦਾ ਸੀ, ਉਹ ਤਿੰਨ ਘੰਟਿਆਂ ਵਿੱਚ ਸਮਾ ਗਿਆ ਹੈ। ਪੁਰਾਣਾ ਵਕਤ ਵਾਪਸ ਤਾਂ ਨਹੀਂ ਆ ਸਕਦਾ, ਪਰ ਕਦੇ ਕਦੇ ਪੁਰਾਣੀਆਂ ਯਾਦਾਂ ਨਵੀਂ ਪੀੜ੍ਹੀ ਨਾਲ ਸਾਂਝੀਆਂ ਕਰ ਲੈਣ ਵਿੱਚ ਕੋਈ ਹਰਜ਼ ਨਹੀਂ ਹੈ।