ਯੂਕਰੇਨ: ਰੂਸੀ ਹਮਲੇ ’ਚ ਅੱਠ ਨਾਗਰਿਕ ਹਲਾਕ

ਯੂਕਰੇਨ: ਰੂਸੀ ਹਮਲੇ ’ਚ ਅੱਠ ਨਾਗਰਿਕ ਹਲਾਕ

ਕੀਵ- ਰੂਸ ਵੱਲੋਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਯੂਕਰੇਨ ’ਤੇ ਕੀਤੇ ਗਏ ਹਮਲੇ ਵਿਚ ਕਰੀਬ 8 ਨਾਗਰਿਕ ਮਾਰੇ ਗਏ ਹਨ ਤੇ ਕਈ ਫੱਟੜ ਹੋ ਗਏ ਹਨ। ਇਹ ਹਮਲੇ ਪੂਰੇ ਦੇਸ਼ ਵਿਚ ਕਰੀਬ 11 ਖੇਤਰਾਂ ’ਤੇ ਹੋਏ ਹਨ।
ਇਸੇ ਦੌਰਾਨ ਯੂਕਰੇਨ ਵੱਲੋਂ ਵੀ ਰੂਸ ਨੂੰ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਖੇਤਰਾਂ ’ਤੇ ਕਬਜ਼ਾ ਬਰਕਰਾਰ ਰੱਖ ਸਕੇ।
ਪੂਰਬੀ ਦੋਨੇਤਸਕ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਥੇ ਚਾਰ ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ ਪਤੀ-ਪਤਨੀ ਵੀ ਸ਼ਾਮਲ ਹਨ। ਬਖਮੁਤ ਸ਼ਹਿਰ ਲਾਗੇ ਵੀ ਰੂਸ ਨੇ ਗੋਲੀਬਾਰੀ ਕੀਤੀ ਹੈ। ਸ਼ਨਿਚਰਵਾਰ ਸਵੇਰੇ ਵੀ ਰੂਸੀ ਬਲਾਂ ਦੇ ਹਮਲੇ ਵਿਚ ਦੋ ਨਾਗਰਿਕ ਮਾਰੇ ਗਏ ਹਨ। ਰੂਸ ਨੇ ਰਾਕੇਟ ਲਾਂਚਰਾਂ ਨਾਲ ਹਮਲੇ ਕੀਤੇ ਹਨ। ਦੋਨੇਤਸਕ ਖੇਤਰ ਦੇ ਹਮਲਿਆਂ ਵਿਚ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਚਰਨੀਹੀਵ ਸ਼ਹਿਰ ਨੇੜੇ ਵੀ ਦੋ ਲੋਕ ਮਾਰੇ ਗਏ ਹਨ। ਇੱਥੇ ਕਰੂਜ਼ ਮਿਜ਼ਾਈਲਾਂ ਨੇ ਸਥਾਨਕ ਸਭਿਆਚਾਰਕ ਕੇਂਦਰ ਤੇ ਅਪਾਰਟਮੈਂਟ ਬਲਾਕ ਤਬਾਹ ਕਰ ਦਿੱਤੇ। ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਰੂਸ ਨੇ ਜ਼ੈਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਨੇੜੇ ਵੀ ਹਮਲੇ ਕੀਤੇ ਹਨ। ਯੂਕਰੇਨੀ ਅਧਿਕਾਰੀ ਰੂਸ ’ਤੇ ਇਸ ਪਲਾਂਟ ਨੂੰ ਬਚਾਅ ਲਈ ਵਰਤਣ ਦਾ ਦੋਸ਼ ਲਾਉਂਦੇ ਰਹੇ ਹਨ। ਯੂਕਰੇਨ ਦੀ ਫ਼ੌਜ ਨੇ ਅੱਜ ਜਾਣਕਾਰੀ ਦਿੱਤੀ ਕਿ ਉਨ੍ਹਾਂ 14 ਰੂਸੀ ਡਰੋਨਾਂ ਨੂੰ ਰਾਤ ਵੇਲੇ ਡੇਗਿਆ ਹੈ ਜਿਨ੍ਹਾਂ ਵਿਚੋਂ ਕਈ ਇਰਾਨ ਦੇ ਬਣੇ ਹੋਏ ਸਨ।