ਪਾਕਿਸਤਾਨ ’ਚ ਤਿੰਨ ਹਿੰਦੂ ਭੈਣਾਂ ਦਾ ਮੁਸਲਮਾਨਾਂ ਨਾਲ ਜਬਰੀ ਵਿਆਹ

ਪਾਕਿਸਤਾਨ ’ਚ ਤਿੰਨ ਹਿੰਦੂ ਭੈਣਾਂ ਦਾ ਮੁਸਲਮਾਨਾਂ ਨਾਲ ਜਬਰੀ ਵਿਆਹ

ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ’ਚ ਇੱਕ ਹਿੰਦੂ ਕਾਰੋਬਾਰੀ ਦੀਆਂ ਤਿੰਨ ਧੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਗਿਆ ਤੇ ਫਿਰ ਮੁਸਲਿਮ ਵਿਅਕਤੀਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਇਹ ਜਾਣਕਾਰੀ ਪਾਕਿਸਤਾਨ ਵਿਚਲੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਬਾਰੇ ਗਰੁੱਪ ਨੇ ਦਿੱਤੀ। ਪਾਕਿਸਤਾਨ ਦਾਰੇਵਾਰ ਇਤਿਹਾਦ ਦੇ ਮੁਖੀ ਸ਼ਿਵਾ ਕਾਚੀ ਨੇ ਦੱਸਿਆ ਕਿ ਇਹ ਘਟਨਾ ਸਿੰਧ ਦੇ ਧਰਕੀ ਇਲਾਕੇ ’ਚ ਵਾਪਰੀ ਜਿੱਥੇ ਹਿੰਦੂ ਕਾਰੋਬਾਰੀ ਲੀਲਾ ਰਾਮ ਦੀਆਂ ਤਿੰਨ ਧੀਆਂ ਚਾਂਦਨੀ, ਰੋਸ਼ਨੀ ਤੇ ਪਰਮੇਸ਼ ਕੁਮਾਰੀ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲ ਕਰਵਾਇਆ ਗਿਆ। ਉਨ੍ਹਾਂ ਕਿਹਾ, ‘ਪੀਰ ਜਾਵੇਦ ਅਹਿਮਦ ਕਾਦਰੀ ਨੇ ਧਰਮ ਪਰਿਵਰਤਨ ਕਰਵਾਇਆ ਤੇ ਬਾਅਦ ਵਿੱਚ ਲੜਕੀਆਂ ਦਾ ਵਿਆਹ ਮੁਸਲਿਮ ਵਿਅਕਤੀਆਂ ਨਾਲ ਕਰ ਦਿੱਤਾ ਗਿਆ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀਆਂ ਅਪੀਲਾਂ ਦੇ ਬਾਵਜੂਦ ਹਿੰਦੂ ਲੜਕੀਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੀ ਪ੍ਰਕਿਰਿਆ ਰੁਕ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਤਿੰਨੇ ਭੈਣਾਂ ਦਾ ਵਿਆਹ ਉਨ੍ਹਾਂ ਵਿਅਕਤੀਆਂ ਨਾਲ ਕੀਤਾ ਗਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ।