‘ਬਾਦਲ’ ਦੇ ਭਤੀਜੇ ਦੀ ‘ਈਮਾਨਦਾਰੀ’ ਸਵਾਲਾਂ ਦੇ ਘੇਰੇ ’ਚ!

‘ਬਾਦਲ’ ਦੇ ਭਤੀਜੇ ਦੀ ‘ਈਮਾਨਦਾਰੀ’ ਸਵਾਲਾਂ ਦੇ ਘੇਰੇ ’ਚ!

ਲੁਧਿਆਣਾ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸਵ. ਗੁਰਦਾਸ ਸਿੰਘ ਬਾਦਲ ਸਾਬਕਾ ਮੈਂਬਰ ਪਾਰਲੀਮੈਂਟ ਦੇ ਲਖਤੇ ਜਿਗਰ ਤੇ ਵੱਡੇ ਬਾਦਲ ਦੇ ਭਤੀਜੇ ਕਾਬਲ ਤੇ ਈਮਾਨਦਾਰ, ਸਾਦਗੀ ਵਜੋਂ ਜਾਣੇ ਜਾਂਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਿਜੀਲੈਂਸ ਨੇ ਵੱਖ-ਵੱਖ ਮਾਮਲਿਆਂ ਵਿਚ ਕਥਿਤ ਤੌਰ ’ਤੇ ਸ਼ਮੂਲੀਅਤ ਹੋਣ ਕਾਰਨ 24 ਜੁਲਾਈ ਨੂੰ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ ਜਿਸ ਨੂੰ ਲੈ ਕੇ ਰਾਜਸੀ ਹਲਕਿਆਂ ਵਿਚ ਚਰਚਾ ਹੈ ਕਿ ਪਿਛਲੇ ਸਮੇਂ ਵਿਚ ਲਾਮ-ਲਸ਼ਕਰ ਅਤੇ ਦੁਨਿਆਵੀ ਸ਼ੌਹਰਤ, ਚੌਧਰ ਤੋਂ ਦੂਰ ਰਹੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਸ ਦੀਆਂ ਲੋਕ ਮਿਸਾਲਾਂ ਵੀ ਦਿੰਦੇ ਹੁੰਦੇ ਸਨ।
ਇਥੇ ਹੀ ਬੱਸ ਨਹੀਂ, ਆਪਣੇ ਤਾਏ ਦੀ ਹਕੂਮਤ ਤੋਂ ਲਾਂਭੇ ਹੋ ਕੇ ਪੀ. ਪੀ. ਪੀ. ਪਾਰਟੀ ਬਣਾ ਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਇਕ ਅਜਿਹੀ ਰੈਲੀ ਕਰਨ ਵਿਚ ਸਫਲ ਹੋਏ ਸਨ ਜੋ ਰਾਜਨੀਤੀ ਦੇ ਖੇਤਰ ਵਿਚ ਵੱਡਾ ਮਾਰਕਾ ਮਾਰ ਗਈ ਸੀ, ਜਿਥੇ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਫੁੱਲ ਭੇਟ ਕੀਤੇ ਸਨ, ਉਥੇ ਈਮਾਨਦਾਰੀ ਅਤੇ ਦਿਆਨਤਦਾਰੀ ਦਾ ਪ੍ਰਣ ਵੀ ਲਿਆ ਸੀ ਪਰ ਹੁਣ ਜੋ ਵਿਜੀਲੈਂਸ ਨੇ ਉਨ੍ਹਾਂ ਨੂੰ ਵੱਖ-ਵੱਖ ਮਾਮਲਿਆਂ ਵਿਚ ਕਥਿਤ ਤੌਰ ’ਤੇ ਬੁਲਾਇਆ ਹੈ, ਉਸ ਨੂੰ ਲੈ ਕੇ ਮਨਪ੍ਰੀਤ ਬਾਦਲ ਦੇ ਈਮਾਨਦਾਰੀ ਅਤੇ ਸਾਦਗੀ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਭਾਵੇਂ ਉਨ੍ਹਾਂ ਦੇ ਸਮਰਥਕ ਮੰਨਦੇ ਹਨ ਕਿ ਇਹ ਸਭ ਕੁਝ ਬਦਲਾ ਲਉ ਕਾਰਵਾਈ ਹੈ ਪਰ ਫਿਰ ਵੀ ਬਾਦਲ ਪਰਿਵਾਰ ਨੂੰ ਇਕ ਤਰ੍ਹਾਂ ਨਾਲ ਕਟਹਿਰੇ ਵਿਚ ਖੜ੍ਹਾ ਕਰਨ ਵਾਂਗ ਹੈ।