ਹੜ੍ਹਾਂ ’ਚ ਮਰਨ ਵਾਲਿਆਂ ਦੇ ਵਾਰਸਾਂ ਲਈ ਸਰਕਾਰ ਨੇ ਭੇਜੀ ਰਾਸ਼ੀ

ਹੜ੍ਹਾਂ ’ਚ ਮਰਨ ਵਾਲਿਆਂ ਦੇ ਵਾਰਸਾਂ ਲਈ ਸਰਕਾਰ ਨੇ ਭੇਜੀ ਰਾਸ਼ੀ

ਪਟਿਆਲਾ- ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਵਿਚ ਆਏ ਹੜ੍ਹਾਂ ਨੇ ਜਿਥੇ ਲੋਕਾਂ ਦਾ ਹੋਰ ਨੁਕਸਾਨ ਕੀਤਾ, ਉਥੇ ਹੀ ਇਸ ਦੌਰਾਨ ਜਿਲ੍ਹੇ ਅੰਦਰ ਦਸ ਮਨੁੱਖੀ ਜਾਨਾਂ ਵੀ ਜਾਂਦੀਆਂ ਰਹੀਆਂ। ਕੁਦਰਤੀ ਆਫਤਾਂ ਦੌਰਾਨ ਹੋਈਆਂ ਇਨ੍ਹਾਂ ਮੌਤਾਂ ਸਬੰਧੀ ਨਿਰਧਾਰਤ ਨਿਯਮਾਂ ਤਹਿਤ ਪੰਜਾਬ ਸਰਕਾਰ ਵੱੱਲੋਂ ਇਨ੍ਹਾਂ ਸਾਰੇ ਮ੍ਰਿਤਕਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਰਾਸ਼ੀ ਭੇਜੀ ਗਈ ਹੈ। ਜਿਨ੍ਹਾਂ ਵਿੱਚੋਂ ਬਹੁਤੇ ਪੀੜਤ ਪਰਿਵਾਰਾਂ ਨੂੰ ਇਹ ਮੁਆਵਜ਼ਾ ਰਾਸ਼ੀ ਅੱਜ ਪਹੁੰਚਦੀ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਇਨ੍ਹਾਂ ਹੜ੍ਹਾਂ ਦੌਰਾਨ ਫੌਤ ਹੋਣ ਵਾਲੇ ਪਟਿਆਲਾ ਸ਼ਹਿਰ ਦੇ ਦੋਵੇਂ ਜਣਿਆਂ ਦੇ ਪਰਿਵਾਰਾਂ ਨੂੰ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇਥੇ ਸਰਕਟ ਹਾਊਸ ਵਿੱਚ ਚਾਰ-ਚਾਰ ਲੱੱਖ ਰੁਪਏ ਦੇ ਚੈਕ ਭੇਟ ਕੀਤੇ। ਉਨ੍ਹਾਂ ਦੱੱਸਿਆ ਕਿ ਇਹ ਰਾਸ਼ੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੀ ਸਹਾਇਤਾ ਰਾਸ਼ੀ ਵਜੋਂ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਇਥੋਂ ਦੀ ਟਰੈਕਟਰ ਮਾਰਕੀਟ ਨੇੜਲੀਆਂ ਝੁੱਗੀਆਂ ਵਿਚ ਰਹਿਣ ਵਾਲ਼ੇ 16 ਸਾਲਾ ਬੱਚੇ ਆਊਬ ਪੁੱਤਰ ਮੁਰਲੀ ਦੀ 12 ਜੁਲਾਈ ਨੂੰ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਸੇ ਤਰ੍ਹਾਂ ਗੋਪਾਲ ਕਲੋਨੀ ਵਾਸੀ 36 ਸਾਲਾ ਅਜੇ ਸਹੋਤਾ ਦੀ ਵੀ ਦਸ ਜੁਲਾਈ ਨੂੰ ਹੜ੍ਹਾਂ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਸ ਮੌਕੇ ਐੱਸਡੀਐੱਮ. ਡਾ. ਇਸਮਤ ਵਿਜੇ ਸਿੰਘ, ਕਾਨੂੰਨਗੋ ਰਾਜ ਕੁਮਾਰ ਸਮੇਤ ਹੋਰ ਵੀ ਮੌਜੂਦ ਸਨ।