ਹੜ੍ਹਾਂ ਦੇ ਦਰਦ ਤੋਂ ਬਾਅਦ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ

ਹੜ੍ਹਾਂ ਦੇ ਦਰਦ ਤੋਂ ਬਾਅਦ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ

ਪਟਿਆਲਾ- ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖ਼ਾਲੀ ਪਏ ਪਲਾਟਾਂ ਵਿੱਚ ਜਮ੍ਹਾਂ ਹੋਇਆ ਪਾਣੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਪਲਾਟਾਂ ਵਿੱਚ ਭਰੇ ਪਾਣੀ ਦੇ ਨਾਲ-ਨਾਲ ਬੂਟੇ ਵੀ ਉੱਗ ਗਏ ਹਨ, ਜਿਸ ਕਾਰਨ ਖ਼ਾਲੀ ਪਲਾਟਾਂ ਦੇ ਗੁਆਂਢੀਆਂ ਦੇ ਘਰਾਂ ਵਿੱਚ ਸੱਪ ਵੀ ਵੜ ਰਹੇ ਹਨ।
ਅਜਿਹੀ ਸਥਿਤੀ ਵਿੱਚ ਮਜਬੂਰ ਹੋ ਕੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਲਾਟ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਸ਼ਾਂਤੀ ਨਗਰ, ਗੋਬਿੰਦ ਬਾਗ਼, ਕੋਹਿਨੂਰ ਇਨਕਲੇਵ, ਅਰਬਨ ਅਸਟੇਟ ਅਤੇ ਨਦੀ ਦੇ ਨਾਲ ਲੱਗਦੇ ਕਈ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਨ੍ਹਾਂ ਇਲਾਕਿਆਂ ਵਿੱਚ ਕਈ ਪਲਾਟ ਖ਼ਾਲੀ ਪਏ ਹਨ, ਜਿੱਥੇ ਡੇਢ ਤੋਂ ਦੋ ਫੁੱਟ ਪਾਣੀ ਖੜ੍ਹਾ ਹੈ। ਇਸ ਤੋਂ ਇਲਾਵਾ ਉੱਤਰੀ ਸਿਟੀ ਚੌੜਾ ਪਿੰਡ ਵਿੱਚ ਵੀ ਵੱਡੀ ਗਿਣਤੀ ਵਿੱਚ ਪਲਾਟ ਖ਼ਾਲੀ ਪਏ ਹਨ। ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਹੈ ਕਿ ਉਹ ਬਹੁਤ ਜਲਦੀ ਪਟਿਆਲਾ ਵਿਚ ਬਿਮਾਰੀਆਂ ਫੈਲਣ ਦੇ ਖਤਰੇ ਨੂੰ ਰੋਕਣ ਵਿਚ ਕਾਮਯਾਬ ਹੋਣਗੇ।

ਖਾਲੀ ਪਲਾਟਾਂ ਦੀ ਸਫਾਈ ਲਈ ਹੁਕਮ ਜਾਰੀ
ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਪਲਾਟਾਂ ’ਤੇ ਡੂੰਘੀਆਂ ਥਾਵਾਂ ਦੀ ਸਾਫ਼ ਸਫ਼ਾਈ ਖੁਦ ਕਰਵਾਉਣ। ਕਮਿਸ਼ਨਰ ਨਗਰ ਨਿਗਮ, ਵਧੀਕ ਡਿਪਟੀ ਕਮਿਸ਼ਨਰ ਅਤੇ ਮੁੱਖ ਪ੍ਰਸ਼ਾਸਕ ਪੀਡੀਏ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਜੇ ਕੋਈ ਮਾਲਕ ਪਲਾਟ ਦੀ ਸਾਫ਼ ਸਫ਼ਾਈ ਨਹੀਂ ਕਰਵਾਉਂਦਾ ਹੈ ਤਾਂ ਸਬੰਧਤ ਵਿਭਾਗ ਸਫ਼ਾਈ ਸਬੰਧੀ ਖਰਚੇ ਦੀ ਰਿਕਵਰੀ ਨਿਯਮਾਂ ਅਨੁਸਾਰ ਮਾਲਕ ਤੋਂ ਕਰੇਗਾ। ਜੇ ਕੋਈ ਬਿਮਾਰੀ ਫੈਲਦੀ ਹੈ ਤਾਂ ਸਬੰਧਤ ਮਾਲਕ ਜ਼ਿੰਮੇਵਾਰ ਹੋਵੇਗਾ ਅਤੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।