ਭਾਰਤ-ਸ੍ਰੀਲੰਕਾ ਵਿਚਾਲੇ ਆਰਥਿਕ ਭਾਈਵਾਲੀ ਮਜ਼ਬੂਤ ਕਰਨ ਦਾ ਖਾਕਾ ਜਾਰੀ

ਭਾਰਤ-ਸ੍ਰੀਲੰਕਾ ਵਿਚਾਲੇ ਆਰਥਿਕ ਭਾਈਵਾਲੀ ਮਜ਼ਬੂਤ ਕਰਨ ਦਾ ਖਾਕਾ ਜਾਰੀ

ਦੋਵੇਂ ਮੁਲਕਾਂ ਵਿਚਕਾਰ ਪੰਜ ਸਮਝੌਤਿਆਂ ’ਤੇ ਦਸਤਖ਼ਤ; ਮਛੇਰਿਆਂ ਦੇ ਮੁੱਦੇ ਨੂੰ ਸੁਹਿਰਦਤਾ ਨਾਲ ਸਿੱਝਣ ’ਤੇ ਸਹਿਮਤੀ ਬਣੀ
ਨਵੀਂ ਦਿੱਲੀ- ਭਾਰਤ ਅਤੇ ਸ੍ਰੀਲੰਕਾ ਨੇ ਆਰਥਿਕ ਸਬੰਧਾਂ ਅਤੇ ਆਪਸੀ ਸੰਪਰਕ ਵਧਾਉਣ ਲਈ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਹੈ।
ਉਂਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੂੰ ਕਿਹਾ ਹੈ ਕਿ ਉਹ ਆਪਣੇ ਮੁਲਕ ’ਚ ਤਾਮਿਲ ਭਾਈਚਾਰੇ ਦਾ ਵੀ ਸਨਮਾਨ ਕਰਨ।
ਉਨ੍ਹਾਂ ਗੱਲਬਾਤ ਦੌਰਾਨ ਮਛੇਰਿਆਂ ਦਾ ਮੁੱਦਾ ਵੀ ਉਠਾਇਆ ਅਤੇ ਸਹਿਮਤੀ ਬਣੀ ਕਿ ਇਹ ਸੁਹਿਰਦਤਾ ਨਾਲ ਸਿੱਝਿਆ ਜਾਵੇ। ਮੋਦੀ ਅਤੇ ਵਿਕਰਮਸਿੰਘੇ ਵਿਚਕਾਰ ਵਾਰਤਾ ਤੋਂ ਬਾਅਦ ਦੋਵੇਂ ਮੁਲਕਾਂ ਨੇ ਬਿਜਲੀ ਗਰਿੱਡ ਜੋੜਨ ਦੇ ਕੰਮ ’ਚ ਤੇਜ਼ੀ ਸਮੇਤ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਸਮਝੌਤੇ ਬਾਰੇ ਵਾਰਤਾ ਸ਼ੁਰੂ ਕਰਨ ਜਿਹੇ ਕਈ ਕਦਮਾਂ ਦਾ ਐਲਾਨ ਕੀਤਾ। ਦੋਵੇਂ ਮੁਲਕਾਂ ਵਿਚਕਾਰ ਪੰਜ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਜਿਨ੍ਹਾਂ ’ਚ ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ ਅਤੇ ਲੰਕਾ ਪੇਅ ਵਿਚਕਾਰ ਸ੍ਰੀਲੰਕਾ ’ਚ ਯੂਪੀਆਈ ਐਪ ਦੀ ਮਨਜ਼ੂਰੀ ਦਾ ਸਮਝੌਤਾ ਸ਼ਾਮਲ ਹੈ। ਇਸ ਤੋਂ ਇਲਾਵਾ ਨਵਿਆਉਣਯੋਗ ਊਰਜਾ ਦੇ ਖੇਤਰ ’ਚ ਸਹਿਯੋਗ ਲਈ ਵੀ ਸਮਝੌਤਾ ਹੋਇਆ ਹੈ। ਮੀਡੀਆ ਬਿਆਨ ’ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸ੍ਰੀਲੰਕਾ ਦੇ ਸੁਰੱਖਿਆ ਅਤੇ ਵਿਕਾਸ ਹਿੱਤ ਇਕ-ਦੂਜੇ ਨਾਲ ਜੁੜੇ ਹੋਏ ਹਨ ਜਿਸ ਕਾਰਨ ਦੋਹਾਂ ਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਚੀਨ ਵੱਲੋਂ ਸ੍ਰੀਲੰਕਾ ’ਤੇ ਆਪਣਾ ਪ੍ਰਭਾਵ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੋਵੇਂ ਮੁਲਕਾਂ ਨੇ ਤਾਮਿਲ ਨਾਡੂ ਦੇ ਨਾਗਪੱਟੀਨਮ ਅਤੇ ਸ੍ਰੀਲੰਕਾ ਦੇ ਕਨਕੇਸਨਤੁਰਾਈ ਵਿਚਕਾਰ ਕਰੂਜ਼ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਸ੍ਰੀ ਮੋਦੀ ਨੇ ਸ੍ਰੀਲੰਕਾ ’ਚ ਭਾਰਤੀ ਮੂਲ ਦੇ ਤਾਮਿਲ ਨਾਗਰਿਕਾਂ ਲਈ 75 ਕਰੋੜ ਰੁਪਏ ਮੁੱਲ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। ਬਾਅਦ ’ਚ ਵਿਕਰਮਸਿੰਘੇ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਭਾਰਤ ਨੇ ਸ੍ਰੀਲੰਕਾ ਦੇ ਹਰ ਸੰਕਟ ’ਚ ਮੁਲਕ ਦੀ ਸਹਾਇਤਾ ਕੀਤੀ ਹੈ ਅਤੇ ਭਵਿੱਖ ’ਚ ਵੀ ਉਹ ਮੁਲਕ ਦੀ ਸਹਾਇਤਾ ਲਈ ਅੱਗੇ ਆਉਂਦਾ ਰਹੇਗਾ।