ਮਨੀਪੁਰ ਘਟਨਾ ਖ਼ਿਲਾਫ਼ ਕਾਂਗਰਸ ਵੱਲੋਂ ਮੁਜ਼ਾਹਰਾ

ਮਨੀਪੁਰ ਘਟਨਾ ਖ਼ਿਲਾਫ਼ ਕਾਂਗਰਸ ਵੱਲੋਂ ਮੁਜ਼ਾਹਰਾ

ਬੈਰੀਕੇਡ ਤੋੜਨ ’ਤੇ ਪੁਲੀਸ ਨੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ
ਨਵੀਂ ਦਿੱਲੀ- ਇੰਡੀਅਨ ਯੂਥ ਕਾਂਗਰਸ ਨੇ ਅੱਜ ਮਨੀਪੁਰ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਜੰਤਰ ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਅੱਜ ਮਨੀਪੁਰ ਵਿੱਚ ਦੋ ਆਦਿਵਾਸੀ ਮਹਿਲਾਵਾਂ ਦੀ ਨਗਨ ਪਰੇਡ ਕਰਵਾਉਣ ਦੀ ਘਟਨਾ ਤੋਂ ਦੇਸ਼ ਸ਼ਰਮਸਾਰ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਜਾਣਕਾਰੀ ਅਨੁਸਾਰ ਔਰਤਾਂ ਵਿਰੁੱਧ ਹਿੰਸਾ ਦੇ ਰੋਸ ਵਿੱਚ ਅੱਜ ਇੰਡੀਅਨ ਯੂਥ ਕਾਂਗਰਸ ਦੇ ਵਰਕਰ ਯੂਥ ਕਾਂਗਰਸ ਦੇ ਦਫਤਰ ਦੇ ਬਾਹਰ ਇਕੱਠੇ ਹੋਏ। ਇਸ ਦੌਰਾਨ ਜਦੋਂ ਉਹ ਸੰਸਦ ਭਵਨ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਕਈ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ, ਜਿਸ ਦੇ ਰੋਸ ਵਜੋਂ ਕਾਰਕੁਨਾਂ ਜੰਤਰ ਮੰਤਰ ’ਤੇ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਖੁਦ ਨੂੰ ਵਿਸ਼ਵ ਗੁਰੂ ਕਹਾਉਣ ਵਾਲੇ ਵਿਅਕਤੀ ਨੇ ਮਨੀਪੁਰ ‘ਤੇ ਸਿਰਫ 36 ਸਕਿੰਟ ਲਈ ਗੱਲ ਕੀਤੀ ਜਦੋਂ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ। ਪ੍ਰਧਾਨ ਮੰਤਰੀ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਅੱਜ ਦੇਸ਼ ਦੀਆਂ ਔਰਤਾਂ ਦੇਸ਼ ਦੀ ਮਹਿਲਾ ਵਿਕਾਸ ਮੰਤਰੀ ਇਰਾਨੀ ਤੋਂ ਵੀ ਜਵਾਬ ਮੰਗ ਰਹੀਆਂ ਹਨ ਕਿ ਉਹ ਮਨੀਪੁਰ ਦੀਆਂ ਔਰਤਾਂ ਲਈ ਕੁਝ ਕਿਉਂ ਨਹੀਂ ਕਰ ਪਾ ਰਹੀ? ਪ੍ਰਧਾਨ ਨੇ ਕਿਹਾ ਕਿ ਮਨੀਪੁਰ ਤੋਂ ਵਾਇਰਲ ਹੋਈ ਵੀਡੀਓ ਵਰਗੀਆਂ ‘ਸੈਂਕੜੇ ਘਟਨਾਵਾਂ’ ਹੋ ਚੁੱਕੀਆਂ ਹਨ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਜਲਦੀ ਤੋਂ ਜਲਦੀ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਇਸ ਦੌਰਾਨ ਭਾਰਤੀ ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਦਿੱਲੀ ਦੇ ਇੰਚਾਰਜ ਕੋਕੋ ਪਾਧੀ ਨੇ ਕਿਹਾ ਕਿ ਮਨੀਪੁਰ ਵਿੱਚ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਗਈ ਹੈ ਪਰ ਨਾ ਤਾਂ ਮੁੱਖ ਮੰਤਰੀ ਨੇ ਇਸ ਦੀ ਜ਼ਿੰਮੇਵਾਰੀ ਤੋਂ ਅਸਤੀਫਾ ਲਿਆ ਹੈ ਅਤੇ ਨਾ ਹੀ ਮੋਦੀ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਰਣਵਿਜੇ ਸਿੰਘ ਲੋਚਾਵ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਨੇ ਮਣੀਪੁਰ ਮਾਮਲੇ ‘ਚ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਇਸੇ ਦੌਰਾਨ ਸਰਬ ਭਾਰਤੀ ਮਹਿਲਾ ਕਾਂਗਰਸ ਤੇ ਸਰਬ ਭਾਰਤੀ ਯੂਥ ਕਾਂਗਰਸ ਵੱਲੋਂ ਮਨੀਪੁਰ ਵਿੱਚ ਦੋ ਔਰਤਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੱਜ ਵੱਖ-ਵੱਖ ਪ੍ਰਦਰਸ਼ਨ ਕੀਤੇ ਗਏ। ਮਹਿਲਾ ਕਾਂਗਰਸ ਦੀਆਂ ਕਾਰਕੁਨਾਂ ਵੱਲੋਂ ਜੰਤਰ-ਮੰਤਰ ਉਪਰ ਰੋਹ ਭਰਿਆ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਉਪਰ ਤਿੱਖੇ ਸਵਾਲ ਦਾਗ਼ੇ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਧੱਕੇਸ਼ਾਹੀ ਦਾ ਜਵਾਬ ਦੇਣਾ ਪਵੇਗਾ।