ਫੌਜ ਤੇ ਐਨਡੀਆਰਐਫ ਨੇ 95 ਵਿਅਕਤੀਆਂ ਨੂੰ ਪਾਣੀ ’ਚੋਂ ਕੱਢਿਆ

ਫੌਜ ਤੇ ਐਨਡੀਆਰਐਫ ਨੇ 95 ਵਿਅਕਤੀਆਂ ਨੂੰ ਪਾਣੀ ’ਚੋਂ ਕੱਢਿਆ

ਮਾਨਸਾ- ਮਾਨਸਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਫੂਸ ਮੰਡੀ ਵਿੱਚ ਘੱਗਰ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਦੀ ਲਪੇਟ ’ਚ ਆਏ ਲੋਕਾਂ ਲਈ ਬਚਾਅ ਕਾਰਜਾਂ ਵਿੱਚ ਲੱਗੀ ਫੌਜ ਤੇ ਐਨਡੀਆਰਐਫ, ਟਰੇਨਡ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਪਾਣੀ ਵਿੱਚ ਫਸੇ ਹੋਏ ਲੋਕਾਂ ਨੂੰ ਕਿਸ਼ਤੀਆਂ ਅਤੇ ਮੋਟਰਬੋਟਾਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਨੇ ਦੱਸਿਆ ਕਿ ਪਿੰਡ ਫੂਸ ਮੰਡੀ ਵਿੱਚ ਮੁਰਗੀ ਫਾਰਮ ’ਚ ਫਸੇ ਲੋਕਾਂ ਨੂੰ ਭਾਰਤੀ ਸੈਨਾ ਦੇ ਜਵਾਨਾਂ ਨੇ ਸੁਰੱਖਿਅਤ ਕੱਢ ਲਿਆ ਹੈ ਅਤੇ ਨੇੜਲੇ ਰਾਹਤ ਕੈਂਪ ’ਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਚਾਅ ਅਭਿਆਨ ਦੌਰਾਨ ਹੁਣ ਤੱਕ 95 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਸਬ- ਡਿਵੀਜ਼ਨ ਸਰਦੂਲਗੜ੍ਹ ਅੰਦਰ ਨੌਂ ਰਾਹਤ ਕੈਂਪ ਬਣਾਏ ਹੋਏ ਹਨ ਜਿੱਥੇ 504 ਲੋਕਾਂ ਨੂੰ ਸੁੱਕਾ ਰਾਸ਼ਨ ਅਤੇ ਖਾਣ-ਪੀਣ ਦਾ ਹੋਰ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਸਿਹਤ ਸੁਵਿਧਾਵਾਂ ਲਈ ਮੈਡੀਕਲ ਟੀਮਾਂ ਵੀ ਤਾਇਨਾਤ ਹਨ।
ਉਨ੍ਹਾਂ ਦੱਸਿਆ ਕਿ ਐਸਡੀਐਮ ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਵਿੱਚ ਸਾਰੀਆਂ ਟੀਮਾਂ ਬਾਖੂਬੀ ਢੰਗ ਨਾਲ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 48 ਪਸ਼ੂ ਰਾਹਤ ਕੈਂਪਾਂ ਵਿੱਚ ਲਿਆਂਦੇ ਗਏ ਹਨ ਜਿਨ੍ਹਾਂ ਲਈ ਤੂੜੀ ਅਤੇ ਹਰੇ ਚਾਰੇ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਵੈਟਰਨਰੀ ਟੀਮਾਂ ਵੱਲੋਂ ਪਸ਼ੂਆਂ ਦਾ ਲੋੜੀਂਦਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਚਾਂਦਪੁਰਾ ਬੰਨ੍ਹ ਵਿੱਚ ਪਏ ਪਾੜ ਕਾਰਨ ਪੰਜਾਬ-ਹਰਿਆਣਾ ਨਾਲ ਲੱਗਦੇ ਪਿੰਡਾਂ ਅੰਦਰ ਤਬਾਹੀ ਤੇ ਉਜਾੜੇ ਦਾ ਮੰਜਰ ਲਗਾਤਾਰ ਜਾਰੀ ਹੈ ਅਤੇ ਪਾਣੀ ਲਗਾਤਾਰ ਇੱਕ-ਇੱਕ ਪਿੰਡ ਵਿੱਚ ਤਬਾਹੀ ਮਚਾ ਚੁੱਕਿਆ ਹੈ। ਉੱਥੇ ਬੰਨ੍ਹ ’ਤੇ ਪਏ ਪਾੜ ਨੂੰ ਪੂਰਨ ਦਾ ਕੰਮ ਫੌਜ ਵੱਲੋਂ ਸ਼ੁਰੂ ਕੀਤਾ ਹੋਇਆ ਹੈ, ਜਿਸ ਕਾਰਨ ਪਾਣੀ ਦਾ ਵਹਾਅ ਘੱਟਦਾ ਨਜ਼ਰ ਆ ਰਿਹਾ ਹੈ।
ਪਿੰਡ ਬੀਰੇਵਾਲਾ ਡੋਗਰਾ ਅਤੇ ਰਿਉਂਦ ਕਲਾਂ ਦੇ ਲੋਕਾਂ ਦੀ ਸਾਰ ਲੈਣ ਲਈ ਪ੍ਰਸ਼ਾਸ਼ਨ ਅਧਿਕਾਰੀ, ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਯਤਨ ਕਰ ਰਹੇ ਹਨ। ਪਿੰਡ ਰਿਉਂਦ ਕਲਾਂ ਧਰਾਤਲ ਤੋਂ ਜ਼ਿਆਦਾ ਨੀਵਾਂ ਹੋਣ ਕਾਰਨ ਇੱਥੇ ਪਾਣੀ ਛੇ-ਛੇ ਫੁੱਟ ਜਮ੍ਹਾਂ ਹੋ ਗਿਆ ਹੈ ਅਤੇ ਇਸ ਦਾ ਬਾਕੀ ਪਿੰਡਾਂ ਨਾਲ ਸੜਕੀ ਸੰਪਰਕ ਪੂੁਰੀ ਤਰ੍ਹਾਂ ਟੁੱਟ ਗਿਆ। ਦੂਜੇ ਪਾਸੇ ਰਿਉਂਦ ਕਲਾਂ ਵਿੱਚ ਹੜ੍ਹ ਦੇ ਪਾਣੀ ਵਿੱਚ ਜ਼ਹਿਰੀਲੇ ਕੀੜੇ ਹੋਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ।
ਉੱਧਰ, ਹੜ੍ਹ ਪ੍ਰਭਾਵਿਤ ਲੋਕਾਂ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਟੈਂਕਰਾਂ ਰਾਹੀਂ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਸਮੱਸਿਆ ਪੇਸ਼ ਆਉਂਦੀ ਹੈ ਅਤੇ ਇਹ ਜ਼ਰੂਰੀ ਹੈ ਕਿ ਜਿੱਥੇ ਲੋਕਾਂ ਨੂੰ ਰਾਸ਼ਨ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਪੀਣ ਵਾਲਾ ਸਾਫ ਪਾਣੀ ਵੀ ਲੋਕਾਂ ਤੱਕ ਪਹੁੰਚਾਇਆ ਜਾਵੇ। ਇਸ ਲਈ ਵਿਭਾਗ ਦੇ ਸਾਰੇ ਐਸਡੀਓ, ਜੇਈ, ਸੋਸ਼ਲ ਸਟਾਫ ਦੇ ਮੈਂਬਰ ਅਤੇ ਹੋਰ ਅਧਿਕਾਰੀ ਦਿਨ-ਰਾਤ ਡਿਊਟੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਵਿਚ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਰਾਹਤ ਕੈਂਪਾਂ ਵਿਚ ਵੀ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਈ ਗਈ ਹੈ।­