ਕਿਸਾਨਾਂ ਨੇ ਪਾਣੀ ਨਾਲ ਖਰਾਬ ਹੋਈ 50 ਏਕੜ ਝੋਨੇ ਦੀ ਫ਼ਸਲ ਵਾਹੀ

ਕਿਸਾਨਾਂ ਨੇ ਪਾਣੀ ਨਾਲ ਖਰਾਬ ਹੋਈ 50 ਏਕੜ ਝੋਨੇ ਦੀ ਫ਼ਸਲ ਵਾਹੀ

ਦੁਬਾਰਾ ਖਰਚਾ ਕਰ ਕੇ ਫਸਲ ਬੀਜਣ ਲੱਗੇ ਕਿਸਾਨ; ਕਈ ਪਿੰਡਾਂ ’ਚ ਖਰਾਬ ਹੋਈ ਫ਼ਸਲ
ਮੋਰਿੰਡਾ- ਮੋਰਿੰਡਾ ਇਲਾਕੇ ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨੀ ਝੋਨੇ ਦੀ ਫਸਲ ਨੂੰ ਅੱਜ ਕਿਸਾਨਾਂ ਨੇ ਵਾਹ ਦਿੱਤਾ ਹੈ। ਇਨ੍ਹਾਂ ਹੜ੍ਹਾਂ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਪਿੰਡ ਬੂਥਗੜ੍ਹ ਦੇ ਕਿਸਾਨ ਮਨਵੀਰ ਸਿੰਘ, ਤਰਲੋਚਨ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰ ਝੋਨੇ ਦਾ ਵਧੀਆ ਝਾੜ ਆਉਣ ਦੀ ਉਮੀਦ ਸੀ ਪਰ ਬੀਤੇ ਦਿਨੀਂ ਆਏ ਹੜ੍ਹ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਨ੍ਹਾਂ ਕਿਸਾਨਾਂ ਨੇ ਝੋਨੇ ਦੀ ਫਸਲ ਦੇ ਹੋਏ ਖਰਾਬੇ ਤੋਂ ਨਿਰਾਸ਼ ਹੋ ਕੇ ਆਪਣੀ 50 ਏਕੜ ਫ਼ਸਲ ਵਾਹ ਦਿੱਤੀ ਹੈ। ਹੋਰ ਕਿਸਾਨਾਂ ਨੇ ਦੱਸਿਆ ਕੇ ਝੋਨੇ ਦੀ ਫ਼ਸਲ ਲਗਾਉਣ ਲਈ ਹਰੇਕ ਕਿਸਾਨ ਦਾ ਪ੍ਰਤੀ ਏਕੜ 10 ਹਜ਼ਾਰ ਰੁਪਏ ਤੋਂ ਵੱਧ ਖਰਚਾ ਆਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨੀ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਫਸਲ ਨੂੰ ਵਾਹਿਆ ਹੈ ਅਤੇ ਦੁਬਾਰਾ ਝੋਨਾ ਬੀਜਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਹਰ ਇੱਕ ਕਿਸਾਨ ਨੂੰ ਮੁੜ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਲਵਾਈ ਲਈ ਖਰਚਾ ਕਰਨਾ ਪਵੇਗਾ, ਜਿਸ ਨਾਲ ਉਨ੍ਹਾਂ ਨੂੰ ਦੂਹਰੀ ਮਾਰ ਪੈ ਗਈ ਹੈ। ਪਿੰਡ ਬੂਥਗੜ੍ਹ ਦੇ ਮਨਵੀਰ ਸਿੰਘ ਦੀ 15 ਏਕੜ ਫਸਲ, ਤਰਲੋਚਨ ਸਿੰਘ ਦੀ 7 ਏਕੜ, ਹਰਜੀਤ ਸਿੰਘ ਦੀ 5 ਏਕੜ, ਦਰਸ਼ਨ ਸਿੰਘ ਦੀ 5 ਏਕੜ, ਸੁਖਵਿੰਦਰ ਸਿੰਘ ਦੀ 6 ਏਕੜ, ਮਲਕੀਤ ਸਿੰਘ ਦੀ 3 ਏਕੜ, ਸੁਖਜੀਤ ਸਿੰਘ ਦੀ 5 ਏਕੜ ਅਤੇ ਗੁਰਕੀਰਤ ਸਿੰਘ ਦੀ 4 ਏਕੜ ਫ਼ਸਲ ਖਰਾਬ ਹੋਈ ਹੈ।