ਮਹਿਲਾ ਹਾਕੀ: ਜਰਮਨੀ ਹੱਥੋਂ ਭਾਰਤ ਚਿੱਤ

ਮਹਿਲਾ ਹਾਕੀ: ਜਰਮਨੀ ਹੱਥੋਂ ਭਾਰਤ ਚਿੱਤ

ਰਸੇਲਸ਼ੇਮ (ਜਰਮਨੀ)- ਭਾਰਤੀ ਮਹਿਲਾ ਹਾਕੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਇੱਥੇ ਰਸੇਲਸ਼ੇਮ ਵਿੱਚ ਜਰਮਨੀ ਨੇ ਭਾਰਤ ਨੂੰ 2-0 ਨਾਲ ਹਰਾਇਆ। ਭਾਰਤੀ ਟੀਮ ਦੀ ਜਰਮਨੀ ਦੌਰੇ ਦੌਰਾਨ ਇਹ ਲਗਾਤਾਰ ਤੀਜੀ ਹਾਰ ਹੈ। ਮੇਜ਼ਬਾਨ ਟੀਮ ਤਰਫੋਂ ਨਾਇਕ ਲਾਰੇਂਜ਼ (52ਵੇਂ ਮਿੰਟ) ਅਤੇ ਚਾਰਲੋਟੇ ਸਟੇਫਨਹੋਰਸਟ (54ਵੇਂ ਮਿੰਟ) ਨੇ ਗੋਲ ਕੀਤੇ। ਭਾਰਤੀ ਟੀਮ ਆਪਣੇ ਪਿਛਲੇ ਦੋ ਮੁਕਾਬਲਿਆਂ ਵਿੱਚ ਚੀਨ ਹੱਥੋਂ 3-2 ਅਤੇ ਜਰਮਨੀ ਤੋਂ 4-1 ਨਾਲ ਹਾਰ ਗਈ ਸੀ। ਭਾਰਤੀ ਟੀਮ ਦਾ ਜਰਮਨੀ ਦੌਰਾ ਅਗਾਮੀ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਸਬੰਧੀ ਸੀ। ਦੌਰੇ ਦੇ ਤੀਜੇ ਅਤੇ ਆਖ਼ਰੀ ਮੈਚ ਵਿੱਚ ਭਾਰਤੀ ਟੀਮ ਜਰਮਨੀ ਨੂੰ ਤੀਜੇ ਕੁਆਰਟਰ ਤੱਕ ਗੋਲ ਰਹਿਤ ਬਰਾਬਰੀ ’ਤੇ ਰੋਕਣ ਵਿੱਚ ਸਫ਼ਲ ਰਹੀ ਸੀ। ਚੌਥੇ ਕੁਆਰਟਰ ਵਿੱਚ ਹਾਲਾਂਕਿ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਵਿੱਚ ਜਰਮਨੀ ਨੇ ਹਮਲਾਵਰ ਰੁਖ਼ ਅਪਣਾਇਆ। ਭਾਰਤ ਨੂੰ ਇਸ ਤੋਂ ਪਿਛਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ ਸੀ ਪਰ ਉਹ ਇਸ ਨੂੰ ਗੋਲ ਵਿੱਚ ਬਦਲਣ ’ਚ ਨਾਕਾਮ ਰਿਹਾ। ਲਾਰੇਂਜ ਨੇ ਜਰਮਨੀ ਨੂੰ ਮਿਲੇ ਤੀਜੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਟੀਮ ਨੂੰ ਲੀਡ ਦਵਾਈ।