ਹਾਈ ਕੋਰਟ ਨੇ ਡਬਲਯੂਐੱਫਆਈ ਤੋਂ ਵਿਨੇਸ਼ ਤੇ ਬਜਰੰਗ ਨੂੰ ਟਰਾਇਲ ਤੋਂ ਛੋਟ ਦੇਣ ਦਾ ਆਧਾਰ ਪੁੱਛਿਆ

ਹਾਈ ਕੋਰਟ ਨੇ ਡਬਲਯੂਐੱਫਆਈ ਤੋਂ ਵਿਨੇਸ਼ ਤੇ ਬਜਰੰਗ ਨੂੰ ਟਰਾਇਲ ਤੋਂ ਛੋਟ ਦੇਣ ਦਾ ਆਧਾਰ ਪੁੱਛਿਆ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦਾ ਕੰਮ-ਕਾਜ ਦੇਖਣ ਵਾਲੀ ਐਡਹਾਕ ਕਮੇਟੀ ਨੂੰ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਏਸ਼ਿਆਈ ਖੇਡਾਂ ਦੇ ਟਰਾਇਲ ਤੋਂ ਛੋਟ ਦੇਣ ਦਾ ਆਧਾਰ ਦੱਸਣ ਲਈ ਕਿਹਾ ਹੈ।
ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਫੋਗਾਟ ਤੇ ਪੂਨੀਆ ਨੂੰ ਸਿੱਧਾ ਦਾਖਲਾ ਦੇਣ ਖ਼ਿਲਾਫ਼ ਅੰਡਰ-20 ਵਿਸ਼ਵ ਚੈਂਪੀਅਨ ਅਮਿਤ ਪੰਘਾਲ ਤੇ ਅੰਡਰ-23 ਏਸ਼ਿਆਈ ਚੈਂਪੀਅਨ ਸੁਜੀਤ ਕਲਕਲ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਖੇਡ ਸੰਸਥਾ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਅਦਾਲਤ ਨੇ ਕੇਸ ਨੂੰ ਭਲਕੇ 21 ਜੁਲਾਈ ਨੂੰ ਸੁਣਵਾਈ ਲਈ ਸੂਚੀਬੱਧ ਕਰਦਿਆਂ ਕਿਹਾ, ‘ਜੇਕਰ ਇਹ (ਚੋਣ ਦਾ ਆਧਾਰ) ਢੁੱਕਵਾਂ ਤੇ ਨਿਰਪੱਖ ਢੰਗ ਹੈ ਤਾਂ ਮਾਮਲਾ ਇੱਥੇ ਹੀ ਖਤਮ ਹੋ ਜਾਂਦਾ ਹੈ।’ ਅਦਾਲਤ ਨੇ ਇਹ ਵੀ ਕਿਹਾ ਕਿ ਚੁਣੇ ਗਏ ਖਿਡਾਰੀਆਂ ਵੱਲੋਂ ਜਿੱਤੇ ਗਏ ਦੋ ਪੁਰਸਕਾਰ ਵੀ ਪੇਸ਼ ਕੀਤੇ ਜਾਣ। ਸੁਣਵਾਈ ਦੌਰਾਨ ਅਦਾਲਤ ਨੇ ਐਡਹਾਕ ਕਮੇਟੀ ਵੱਲੋਂ ਪੇਸ਼ ਹੋਏ ਵਕੀਲ ਨੂੰ ਇਹ ਦੱਸਣ ਲਈ ਕਿਹਾ ਕਿ ਫੋਗਾਟ ਤੇ ਪੂਨੀਆ ਦੇ ਚੰਗੇ ਖਿਡਾਰੀ ਹੋਣ ਤੋਂ ਇਲਾਵਾ ਚੋਣ ਦਾ ਆਧਾਰ ਕੀ ਸੀ ਕਿਉਂਕਿ ਖਿਡਾਰੀਆਂ ਦਾ ਪੂਰਾ ਮਾਮਲਾ ਇਹੀ ਹੈ ਕਿ ਕੋਈ ਟਰਾਇਲ ਜ਼ਰੂਰ ਹੋਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨਰਾਂ ਨੇ ਦੋਵਾਂ ਪਹਿਲਵਾਨਾਂ ਦੀ ਯੋਗਤਾ ’ਤੇ ਸ਼ੱਕ ਜ਼ਾਹਿਰ ਨਹੀਂ ਕੀਤਾ ਜਿਨ੍ਹਾਂ ਦੀ ਦੇਸ਼ ਦੀ ਨੁਮਾਇੰਦਗੀ ਲਈ ਚੋਣ ਕੀਤੀ ਗਈ ਹੈ। ਪਰ ਉਹ ਇਹ ਕਹਿ ਰਹੇ ਹਨ ਕਿ ਪੁਰਾਣਾ ਪ੍ਰਦਰਸ਼ਨ ਉਨ੍ਹਾਂ ਦੀ ਚੋਣ ਦਾ ਇੱਕੋ-ਇੱਕ ਆਧਾਰ ਨਹੀਂ ਹੋ ਸਕਦਾ।