ਲੋਹੀਆਂ ਖੇਤਰ ਵਿੱਚ ਹੜ੍ਹਾਂ ਨੇ ਧਾਰਮਿਕ ਹੱਦਾਂ ਮੇਟੀਆਂ

ਲੋਹੀਆਂ ਖੇਤਰ ਵਿੱਚ ਹੜ੍ਹਾਂ ਨੇ ਧਾਰਮਿਕ ਹੱਦਾਂ ਮੇਟੀਆਂ

ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਨੇ ਰਾਜਸਥਾਨ ਤੋਂ ਆਏ ਮੁਸਲਿਮ ਭਾਈਚਾਰੇ ਦੇ ਲੋਕ
ਜਲੰਧਰ- ਲੋਹੀਆਂ ਖੇਤਰ ਵਿੱਚ ਹੜ੍ਹਾਂ ਨੇ ਧਾਰਮਿਕ ਹੱਦਾਂ ਨੂੰ ਮੇਟ ਦਿੱਤੀਆਂ ਹਨ, ਕਿਉਂਕਿ ਮੁਸਲਿਮ ਭਾਈਚਾਰੇ ਦੇ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਰਾਜਸਥਾਨੀ ਗੁਜੀਆ, ਮਟਰ, ਛੋਲੇ, ਰਾਸ਼ਨ, ਪਾਣੀ ਤੇ ਹੋਰ ਕਈ ਕੁਝ ਲੈ ਕੇ ਪਹੁੰਚ ਰਹੇ ਹਨ।
ਮੁਸਲਿਮ ਭਾਈਚਾਰੇ ਦੇ ਲੋਕ ਪੰਜਾਬ ਤੋਂ ਹੀ ਨਹੀਂ, ਸਗੋਂ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਆ ਰਹੇ ਹਨ। ਇਹ ਲੋਕ ਪਿਛਲੇ ਇੱਕ ਹਫ਼ਤੇ ਤੋਂ ਪੀੜਤਾਂ ਦੀ ਮਦਦ ਵਿੱਚ ਡਟੇ ਹੋਏ ਹਨ।
ਇਸ ਦੌਰਾਨ ਪਿੰਡ ਮੰਡਾਲਾ, ਗਿੱਦੜ੍ਹਪਿੰਡੀ ਤੇ ਹੋਰ ਪਿੰਡਾਂ ਵਿੱਚ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਹੈ। ਉਨ੍ਹਾਂ ਵੱਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਸ਼ਨ, ਪਾਣੀ ਅਤੇ ਬੱਚਿਆਂ ਤੇ ਔਰਤਾਂ ਲਈ ਕੱਪੜੇ ਵੰਡੇ ਗਏ ਹਨ। ਮੁਸਲਿਮ ਯੁਵਾ ਸਮਿਤੀ ਫੈਫਾਨਾ ਦੇ ਸ਼ਾਹਰੁਖ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ। ਉਸ ਨੇ ਦੱਸਿਆ,‘‘ਅਸੀਂ ਦੇਖਿਆ ਹੈ ਕਿ ਸਿੱਖ ਭਾਈਚਾਰਾ ਹਰ ਕਿਸੇ ਦੀ ਮਦਦ ਲਈ ਅੱਗੇ ਆਉਂਦਾ ਹੈ ਅਤੇ ਅਸੀਂ ਵੀ ਆਪਣੇ ਭਰਾਵਾਂ ਦੀ ਮਦਦ ਕਰਨਾ ਚਾਹੁੰਦੇ ਸਾਂ।’’ ਸ਼ਾਹਰੁਖ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਹੋਰ ਟੀਮ ਇਥੇ ਪੁੱਜ ਰਹੀ ਹੈ। ਮੰਡਾਲਾ ਸਰਕਾਰੀ ਸਕੂਲ ਦੇ ਅਧਿਆਪਕ ਸੋਹਨ ਲਾਲ ਨੇ ਦੱਸਿਆ ਕਿ ਹੜ੍ਹਾਂ ਵਿੱਚ ਇਸ ਭਾਈਚਾਰਕ ਸਾਂਝ ਨੇ ਦਿਲ ਜਿੱਤ ਲਿਆ ਹੈ। ਉਸ ਨੇ ਕਿਹਾ,‘‘ਮੈਂ ਇਸ ਮਿਸਾਲ ਦਾ ਚਸ਼ਮਦੀਦ ਹਾਂ, ਮੈਂ ਦੇਖਿਆ ਕਿ ਉਨ੍ਹਾਂ ਦੇ ਵਾਹਨ ਹਰ ਪਿੰਡ ਵਿੱਚ ਰੁਕਦੇ ਹਨ ਤੇ ਉਹ ਲੋਕਾਂ ਨੂੰ ਪੁੱਛਦੇ ਹਨ ਕਿ ਕੀ ਉਨ੍ਹਾਂ ਨੂੰ ਕੁਝ ਚਾਹੀਦਾ ਹੈ?’’ ਅਧਿਆਪਕ ਨੇ ਕਿਹਾ ਕਿ ਉਹ ਕਰੀਬ 250 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਇਥੇ ਪਹੁੰਚੇ ਹਨ, ਜੋ ਬਹੁਤ ਵੱਡੀ ਗੱਲ ਹੈ। ਮੁੰਡੀ ਚੋਲੀਆਂ ਦੇ ਇੱਕ ਹੋਰ ਸਰਕਾਰੀ ਅਧਿਆਪਕ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਕਈ ਵਾਹਨਾਂ ਵਿੱਚ ਲੋੜੀਂਦਾ ਸਾਮਾਨ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਹਨ ਅਤੇ ਉਨ੍ਹਾਂ ਪੀੜਤਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ।