ਅਨਮੋਲ ਵਿਰਾਸਤ ਨੂੰ ਸੰਭਾਲੋ

ਅਨਮੋਲ ਵਿਰਾਸਤ ਨੂੰ ਸੰਭਾਲੋ


ਜਗਤਾਰ ਸਮਾਲਸਰ
ਵਿਸ਼ਵ ਵਿਰਾਸਤ ਦਿਵਸ ਹਰ ਸਾਲ 18 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਪੂਰੀ ਦੁਨੀਆ ਵਿਚ ਮਨੁੱਖੀ ਸੱਭਿਅਤਾ ਨਾਲ ਜੁੜੀਆਂ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ। ਵਿਰਾਸਤੀ ਇਮਾਰਤਾਂ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਬਣੇ ਇਕ ਕੌਮਾਂਤਰੀ ਸੰਗਠਨ ਨੇ 1968 ਵਿਚ ਵਿਸ਼ਵ ਪ੍ਰਸਿੱਧ ਇਮਾਰਤਾਂ ਅਤੇ ਕੁਦਰਤੀ ਥਾਵਾਂ ਦੀ ਸੁਰੱਖਿਆ ਲਈ ਇਕ ਪ੍ਰਸਤਾਵ ਰੱਖਿਆ ਸੀ ਜਿਸ ਵਿਚ ਇਹ ਸੁਝਾਅ ਦਿੱਤਾ ਗਿਆ ਕਿ ਸੱਭਿਅਤਾ ਨੂੰ ਬਚਾ ਕੇ ਰੱਖਣ ਅਤੇ ਵਿਰਾਸਤ ਦੀ ਸਾਂਭ-ਸੰਭਾਲ ਲਈ ਇਕ ਵਿਸ਼ੇਸ਼ ਦਿਨ ਚੁਣਿਆ ਜਾਵੇ ਤਾਂ ਕਿ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਸੰਨ 1972 ਵਿਚ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਇਕ ਕੌਮਾਂਤਰੀ ਸੰਮੇਲਨ ਦੌਰਾਨ ਰੱਖਿਆ ਗਿਆ। ਜਿੱਥੇ ਇਹ ਪ੍ਰਸਤਾਵ ਪਾਸ ਹੋਇਆ। ਇਸ ਤਰ੍ਹਾਂ ਵਿਸ਼ਵ ਦੇ ਲਗਪਗ ਸਾਰੇ ਦੇਸ਼ਾਂ ਨੇ ਮਿਲ ਕੇ ਇਤਿਹਾਸਕ ਅਤੇ ਕੁਦਰਤੀ ਸੰਪਤੀ ਨੂੰ ਬਚਾਉਣ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਯੂਨੈਸਕੋ ਵਰਲਡ ਹੈਰੀਟੇਜ ਸੈਂਟਰ ਹੋਂਦ ਵਿਚ ਆਇਆ। ਅਠਾਰਾਂ ਅਪ੍ਰੈਲ 1978 ਨੂੰ ਪਹਿਲੀ ਵਾਰ ਵਿਸ਼ਵ ਦੇ ਕੁੱਲ 12 ਸਥਾਨਾਂ ਨੂੰ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ। ਅਠਾਰਾਂ ਅਪ੍ਰੈਲ 1982 ਨੂੰ ਕੌਮਾਂਤਰੀ ਸੰਗਠਨ ‘ਇੰਟਰਨੈਸ਼ਨਲ ਕੌਂਸਲ ਆਫ਼ ਮੋਨੂਮੇਂਟਸ ਐਂਡ ਸਾਈਟਸ’ ਵੱਲੋਂ ਟਿਊਨੀਸ਼ੀਆ ਵਿਚ ਇਕ ਸਮਾਰੋਹ ਦਾ ਆਯੋਜਨ ਕਰ ਕੇ ਇਹ ਦਿਨ ਮਨਾਇਆ ਗਿਆ। ਉਸ ਤੋਂ ਬਾਅਦ ਹਰ ਸਾਲ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਦੇ ਰੂਪ ’ਚ ਮਨਾਇਆ ਜਾਣ ਲੱਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਸੱਭਿਅਤਾ ਅਤੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਰਹਿ ਸਕਣ। ਭਾਰਤ ਦੇ ਸੰਦਰਭ ਵਿਚ ਇਹ ਗੱਲ ਲਾਗੂ ਹੁੰਦੀ ਹੈ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿਸ ’ਤੇ ਅਲੱਗ-ਅਲੱਗ ਧਾਰਮਿਕ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਸ਼ਾਸਕਾਂ ਜਿਵੇਂ ਕਿ ਆਰੀਆ, ਗੁਪਤ, ਮੁਗ਼ਲ ਅਤੇ ਅੰਗਰੇਜ਼ਾਂ ਆਦਿ ਨੇ ਰਾਜ ਕੀਤਾ ਅਤੇ ਉਨ੍ਹਾਂ ਸਾਰਿਆਂ ਨੇ ਆਪਣੀਆਂ ਸਮਾਰਕਾਂ ਅਤੇ ਸਥਾਨਾਂ ਦੇ ਰੂਪ ਵਿਚ ਭਾਰਤੀ ਜ਼ਮੀਨ ’ਤੇ ਆਪਣੇ ਨਿਸ਼ਾਨ ਛੱਡੇ ਹਨ। ਸ਼ਾਹਜਹਾਂ ਵੱਲੋਂ ਬਣਾਇਆ ਗਿਆ ਪ੍ਰੇਮ ਦਾ ਪ੍ਰਤੀਕ ਤਾਜ ਮਹਿਲ, ਲਾਲ ਕਿਲਾ, ਕੁਤੁਬਦੀਨ ਵੱਲੋਂ ਬਣਾਇਆ ਗਿਆ ਕੁਤੁਬ ਮੀਨਾਰ, ਚਾਰਮੀਨਾਰ, ਹਿਮਾਯੂੰ ਟੌਂਬ ਜਾਂ ਛਤਰਪਤੀ ਸ਼ਿਵਾਜੀ ਟਰਮੀਨਲ, ਇਹ ਸਾਰੀ ਵਿਰਾਸਤ ਸਾਨੂੰ ਭਾਰਤ ਦੇ ਪ੍ਰਚੀਨ ਸੱਭਿਆਚਾਰ ਤੋਂ ਜਾਣੂ ਕਰਵਾਉਂਦੀ ਹੈ। ਇਨ੍ਹਾਂ ਦੀ ਸਾਂਭ-ਸੰਭਾਲ ਕਾਰਨ ਹੀ ਇਹ ਹੁਣ ਤਕ ਸੁਰੱਖਿਅਤ ਹਨ। ਵਿਸ਼ਵ ਵਿਰਾਸਤ ਦਿਵਸ ਦਾ ਹਰ ਵਿਅਕਤੀ ਲਈ ਬਹੁਤ ਮਹੱਤਵ ਹੈ। ਵਿਰਾਸਤ ਦਿਵਸ ਮਨਾਉਂਦਿਆਂ ਇਹ ਇਕ ਅਜਿਹਾ ਮੌਕਾ ਵੀ ਹੁੰਦਾ ਹੈ ਜਦੋਂ ਅਸੀਂ ਇਹ ਦਰਸਾਉਂਦੇ ਹਾਂ ਕਿ ਸਾਡੀ ਇਤਿਹਾਸਕ ਅਤੇ ਕੁਦਰਤੀ ਵਿਰਾਸਤ ਨੂੰ ਆਉਣ ਵਾਲੀ ਪੀੜ੍ਹੀਆਂ ਲਈ ਬਚਾ ਕੇ ਰੱਖਣ ਲਈ ਕਿੰਨੀ ਕੁ ਕੋਸ਼ਿਸ਼ ਹੋ ਰਹੀ ਹੈ ਅਤੇ ਸਾਡੀ ਇਸ ਵਿਰਾਸਤ ਨੂੰ ਸੰਭਾਲਣ ਲਈ ਕਿੰਨੇ ਕੁ ਯਤਨ ਹੋਰ ਕਰਨ ਦੀ ਲੋੜ ਹੈ। ਸਾਡੇ ਪੁਰਖਿਆਂ ਨੇ ਸਾਡੇ ਲਈ ਨਿਸ਼ਾਨੀ ਦੇ ਤੌਰ ’ਤੇ ਹਰ ਤਰ੍ਹਾਂ ਦੇ ਮਕਬਰੇ, ਮਸਜਿਦਾਂ, ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਚੀਜ਼ਾਂ ਦਾ ਸਹਾਰਾ ਲਿਆ ਜਿਨ੍ਹਾਂ ਸਦਕਾ ਅਸੀਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਯਾਦ ਰੱਖ ਸਕੀਏ ਪਰ ਵਕਤ ਦੀ ਮਾਰ ਅੱਗੇ ਕਈ ਵਾਰ ਉਨ੍ਹਾਂ ਦੀਆਂ ਯਾਦਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਕਿਤਾਬਾਂ, ਇਮਾਰਤਾਂ ਅਤੇ ਹੋਰ ਕਿਸੇ ਨਾ ਕਿਸੇ ਰੂਪ ਵਿਚ ਸੰਭਾਲ ਕੇ ਰੱਖੀਆਂ ਗਈਆਂ ਯਾਦਾਂ ਨੂੰ ਨਜ਼ਰਅੰਦਾਜ਼ ਵੀ ਕੀਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਸਾਡੀ ਅਨਮੋਲ ਵਿਰਾਸਤ ਸਾਡੇ ਤੋਂ ਦੂਰ ਹੁੰਦੀ ਗਈ ਅਤੇ ਉਨ੍ਹਾਂ ਦੀ ਹੋਂਦ ਵੀ ਖ਼ਤਰੇ ਵਿਚ ਪੈ ਗਈ। ਅਜਿਹਾ ਇਕੱਲੇ ਭਾਰਤ ਵਿਚ ਹੀ ਨਹੀਂ ਹੋਇਆ ਸਗੋਂ ਬਹੁਤ ਸਾਰੇ ਦੇਸ਼ਾਂ ’ਚ ਆਪਣੀ ਵਿਰਾਸਤ ਪ੍ਰਤੀ ਜਾਗਰੂਕਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀਆਂ ਵਿਰਾਸਤੀ ਚੀਜ਼ਾਂ ਨੂੰ ਗੁਆਉਣਾ ਪਿਆ। ਇਨ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਲੋਕਾਂ ਵਿਚ ਇਤਿਹਾਸਕ ਇਮਾਰਤਾਂ ਪ੍ਰਤੀ ਜਾਗਰੂਕਤਾ ਦੇ ਉਦੇਸ਼ ਨਾਲ ਵਿਸ਼ਵ ਵਿਰਾਸਤ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਹੁਣ ਤਕ ਭਾਰਤ ਦੇ ਕੁੱਲ 38 ਸਥਾਨਾਂ, ਸ਼ਹਿਰਾਂ,ਇਮਾਰਤਾਂ ਅਤੇ ਗੁਫਾਵਾਂ ਆਦਿ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਆਗਰੇ ਦਾ ਕਿਲਾ, ਅਜੰਤਾ ਦੀਆਂ ਗੁਫਾਵਾਂ, ਕਾਜੀਰੰਗਾ ਰਾਸ਼ਟਰੀ ਪਾਰਕ, ਖੁਜਰਾਹੋ ਦਾ ਸਮਾਰਕ ਸਮੂਹ, ਨਾਲੰਦਾ ਯੂਨੀਵਰਸਿਟੀ, ਏਲੀਫੈਂਟਾ ਅਤੇ ਏਲੋਰਾ ਦੀਆਂ ਗੁਫਾਵਾਂ, ਹਿਮਾਯੂੰ ਦਾ ਮਕਬਰਾ, ਲਾਲ ਕਿਲਾ, ਛਤਰਪਤੀ ਸ਼ਿਵਾਜੀ ਟਰਮੀਨਲ, ਫਤਿਹਪੁਰ ਸੀਕਰੀ, ਰਾਜਸਥਾਨ ਦੇ ਕਿਲੇ, ਕੁਤੁਬ ਮੀਨਾਰ, ਤਾਜ ਮਹਿਲ, ਯੰਤਰ-ਮੰਤਰ ਆਦਿ ਵਿਸ਼ਵ ਵਿਰਾਸਤ ਦੀ ਲੜੀ ’ਚ ਸ਼ਾਮਲ ਹਨ।