ਸ਼ਹਿਰ ’ਚ ਜ਼ਿੰਦਗੀ ਲੀਹ ’ਤੇ ਲਿਆਉਣ ਲਈ ਚਾਰਾਜੋਈ

ਸ਼ਹਿਰ ’ਚ ਜ਼ਿੰਦਗੀ ਲੀਹ ’ਤੇ ਲਿਆਉਣ ਲਈ ਚਾਰਾਜੋਈ

ਚੰਡੀਗੜ੍ਹ- ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਰਕੇ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦਾ ਨੁਕਸਾਨ ਹੋ ਗਿਆ ਹੈ, ਜਿਸ ਕਰਕੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਨੂੰ ਲੀਹ ’ਤੇ ਲਿਆਉਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਪਰ ਹਾਲੇ ਵੀ ਸ਼ਹਿਰ ਦੀਆਂ ਕੁਝ ਸੜਕਾਂ ਚਾਲੂ ਨਹੀਂ ਹੋ ਸਕੀਆਂ ਹਨ। ਅਜਿਹੇ ਹਾਲਾਤ ਵਿੱਚ ਯੂਟੇ ਦੇ ਗ੍ਰਹਿ ਸਕੱਤਰ ਤੇ ਸਕੱਤਰ ਸਥਾਨਕ ਸਰਕਾਰਾਂ ਨਿਤਿਨ ਕੁਮਾਰ ਯਾਦਵ ਨੇ ਸ਼ਹਿਰ ਵਿੱਚ ਚੱਲ ਰਹੇ ਮੁਰੰਮਤ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਯੂਟੀ ਦੇ ਚੀਫ਼ ਇੰਜਨੀਅਰ ਸੀਬੀ ਓਝਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਨਾਲ ਮੌਜੂਦ ਰਹੇ। ਗ੍ਰਹਿ ਸਕੱਤਰ ਨੇ ਇੰਜਨੀਅਰਿੰਗ ਵਿਭਾਗ ਨੂੰ ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਯੂਟੀ ਦੇ ਚੀਫ਼ ਇੰਜਨੀਅਰ ਸੀ.ਬੀ. ਓਝਾ ਨੇ ਕਿਹਾ ਕਿ ਸ਼ਹਿਰ ਵਿੱਚ 72 ਘੰਟਿਆਂ ਦੌਰਾਨ ਪਏ 572 ਐੱਮਐੱਮ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ਦਾ ਕਈ ਥਾਵਾਂ ਤੋਂ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਸੁਖਨਾ ਝੀਲ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਕਰਕੇ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਕਈ ਪੁਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੀਂਹ ਕਰਕੇ ਅਤੇ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੁੱਲ੍ਹਣ ਕਰਕੇ ਸ਼ਹਿਰ ਵਿੱਚ 115 ਥਾਵਾਂ ਤੋਂ ਸੜਕਾਂ ਦਾ ਨੁਕਸਾਨੀਆਂ ਗਈਆਂ ਅਤੇ ਯੂਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।
ਚੀਫ਼ ਇੰਜਨੀਅਰ ਨੇ ਕਿਹਾ ਕਿ ਸੈਕਟਰ-14/15 ਵਾਲੀ ਸੜਕ 8 ਜੁਲਾਈ ਤੋਂ ਬੰਦ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਉਸ ਸੜਕ ’ਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਵਿੱਚ ਸੀਟੀਯੂ ਵਰਕਸ਼ਾਪ ਦੇ ਨੇੜੇ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਵੀ ਟੁੱਟੀ ਪਈ ਹੈ ਤੇ ਉਥੋਂ ਵੀ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੜਕਾਂ ਨੂੰ ਇਕ ਮਹੀਨੇ ’ਚ ਮੁਰੰਮਤ ਕਰਨ ਉਪਰੰਤ ਖੋਲ੍ਹਿਆ ਜਾਵੇਗਾ।
ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਮੁੱਖ ਇੰਜਨੀਅਰ ਨੂੰ ਹਦਾਇਤ ਕੀਤੀ ਕਿ ਉਹ ਡਰੇਨਾਂ ਦੀ ਨਿਕਾਸੀ ਲਈ ਲੰਬੀ ਮਿਆਦ ਦੀਆਂ ਯੋਜਨਾਵਾਂ ਤਿਆਰ ਕਰਨ ਤਾਂ ਜੋ ਭਾਰੀ ਮੀਂਹ ਤੇ ਤੂਫਾਨ ਕਰਕੇ ਵੀ ਸੜਕਾਂ ਨੂੰ ਪਾਣੀ ਵਿੱਚ ਡੁੱਬਣ ਤੋਂ ਰੋਕਿਆ ਜਾ ਸਕੇ, ਜਿਸ ਨਾਲ ਅਕਸਰ ਸ਼ਹਿਰ ਵਿੱਚ ਅਸਥਾਈ ਹੜ੍ਹ ਆ ਜਾਂਦੇ ਹਨ। ਉਨ੍ਹਾਂ ਬਰਸਾਤੀ ਪਾਣੀ ਦੇ ਨਿਰਵਿਘਨ ਲੰਘਣ ਦੀ ਸਹੂਲਤ ਲਈ ਗਾਰ ਤੇ ਮਲਬੇ ਦੇ ਨਾਲਿਆਂ ਨੂੰ ਸਾਫ਼ ਕਰਨ ’ਤੇ ਜ਼ੋਰ ਦਿੱਤਾ। ਸ੍ਰੀ ਯਾਦਵ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਅਧਿਕਾਰੀਆਂ ਨੂੰ ਬਿਨਾਂ ਦੇਰੀ ਕੀਤੇ ਸਾਰੇ ਬਹਾਲੀ ਦੇ ਕੰਮਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ।