ਕੋਰੀਆ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਦੂਜੇ ਗੇੜ ’ਚ ਪਹੁੰਚੀ

ਕੋਰੀਆ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਦੂਜੇ ਗੇੜ ’ਚ ਪਹੁੰਚੀ

ਪਹਿਲੇ ਗੇੜ ਵਿੱਚ ਜੋਮਕੋਹ ਅਤੇ ਕੇਦਰੇਨ ਨੂੰ 21-16, 21-14 ਨਾਲ ਹਰਾਇਆ
ਯੇਓਸੂ- ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਨੇ ਅੱਜ ਇੱਥੇ ਥਾਈਲੈਂਡ ਦੀ ਸੁਪਾਕ ਜੋਮਕੋਹ ਅਤੇ ਕਿਤਿਨੁਪੋਂਗ ਕੇਦਰੇਨ ਦੀ ਜੋੜੀ ਨੂੰ ਹਰਾ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ।
ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਆਪਣੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਜੋਮਕੋਹ ਅਤੇ ਕੇਦਰੇਨ ਨੂੰ 21-16, 21-14 ਨਾਲ ਹਰਾਇਆ। ਉਧਰ ਐੱਮਆਰ ਅਰਜੁਨ ਦੀ ਪਿੱਠ ਦੀ ਸਮੱਸਿਆ ਕਾਰਨ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਨੂੰ ਮੈਚ ਦੇ ਅੱਧ ਵਿਚਾਲੇ ਹੀ ਹਟਣਾ ਪਿਆ। ਮੁਕਾਬਲੇ ’ਚੋਂ ਹਟਣ ਵੇਲੇ ਉਹ ਲਿਊ ਯੂ ਚੇਨ ਅਤੇ ਓ ਜ਼ੁਆਨ ਯੀ ਦੀ ਚੀਨੀ ਜੋੜੀ ਤੋਂ 5-6 ਨਾਲ ਪਿੱਛੇ ਚੱਲ ਰਹੇ ਸਨ। ਇਸੇ ਤਰ੍ਹਾਂ ਹਰਸ਼ਿਤ ਅਗਰਵਾਲ ਦੂਜੇ ਕੁਆਲੀਫਿਕੇਸ਼ਨ ਮੁਕਾਬਲੇ ਵਿੱਚ ਕੋਰੀਆ ਦੇ ਚੋਈ ਪੀ. ਗੈਂਗ ਤੋਂ 15-21, 21-10, 10-21 ਨਾਲ ਮਿਲੀ ਹਾਰ ਕਾਰਨ ਮੁੱਖ ਡਰਾਅ ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਪਹਿਲੇ ਮੁਕਾਬਲੇ ਵਿੱਚ ਉਸ ਨੇ ਮਲੇਸ਼ੀਆ ਦੇ ਟੇਨ ਜੀਆ ਜੀ ਨੂੰ ਹਰਾਇਆ ਸੀ। ਇਕ ਹੋਰ ਭਾਰਤੀ ਖਿਡਾਰੀ ਸ਼ਾਸ਼ਵਤ ਦਲਾਲ ਨੂੰ ਵੀ ਪਹਿਲੇ ਗੇੜ ’ਚ ਕੋਰੀਆ ਦੇ ਜਿਓਂਗ ਮਿਨ ਸਿਓਨ ਤੋਂ 14-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।