ਪੁਲੀਸ ਵੱਲੋਂ ਦੋ ਟਰੈਵਲ ਏਜੰਟਾਂ ਦੇ ਦਫ਼ਤਰ ਸੀਲ

ਪੁਲੀਸ ਵੱਲੋਂ ਦੋ ਟਰੈਵਲ ਏਜੰਟਾਂ ਦੇ ਦਫ਼ਤਰ ਸੀਲ

ਪਟਿਆਲਾ- ਪਟਿਆਲਾ ਦੇ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲੀਸ ਨੇ ਅੱਜ ਇਥੇ ਸਾਂਝੀ ਕਰਵਾਈ ਕਰਦਿਆਂ ਜ਼ਿਲ੍ਹੇ ਦੇ ਦੋ ਟਰੈਵਲ ਏਜੰਟਾਂ ਦੇ ਦਫ਼ਤਰ ਆਰਜ਼ੀ ਤੌਰ ’ਤੇ ਸੀਲ ਕੀਤੇ ਹਨ। ਇਸ ਤੋਂ ਇਲਾਵਾ 50 ਤੋਂ ਜ਼ਿਆਦਾ ਹੋਰ ਟਰੈਵਲ ਏਜੰਟਾਂ ਅਤੇ ਆਈਲੈਟਸ ਸੈਂਟਰਾਂ ਦਾ ਅਚਨਚੇਤ ਨਿਰੀਖਣ ਕਰਕੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ।
ਇਸ ਟੀਮ ਦੀ ਅਗਵਾਈ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਤੇ ਐਸ.ਪੀ. ਸਿਟੀ ਸਰਫ਼ਰਾਜ਼ ਆਲਮ ਨੇ ਕੀਤੀ ਜਿਨ੍ਹਾਂ ਦੇ ਨਾਲ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਤੇ ਸੰਜੀਵ ਸਿੰਗਲਾ ਸਮੇਤ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਲਾਅਬਰੇਲਾ ਕੰਸਲਟੈਂਸੀ ਅਤੇ ਟਾਈਟਨ ਵੀਜ਼ਾ ਐਂਡ ਇਮੀਗਰੇਸ਼ਨ ਸਰਵਿਸਿਜ਼ ਨੂੰ ਆਰਜ਼ੀ ਤੌਰ ’ਤੇ ਸੀਲ ਕਰਕੇ ਇਨ੍ਹਾਂ ਦੇ ਮਾਲਕਾਂ/ਪ੍ਰਬੰਧਕਾਂ ਨੂੰ ਦਸਤਾਵੇਜ਼ ਦਿਖਾਉਣ ਲਈ ਸਮਾਂ ਦਿੱਤਾ ਗਿਆ ਹੈ। ਜੇਕਰ ਇਹ ਸਬੰਧਤ ਦਸਤਾਵੇਜ਼ ਮੁਹੱਈਆ ਕਰਵਾ ਦਿੰਦੇ ਹਨ, ਤਾਂ ਇਹ ਦਫ਼ਤਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਜਾਵੇਗੀ। ਜੇਕਰ ਦਸਤਾਵੇਜ਼ ਪੇਸ਼ ਨਾ ਕੀਤੇ ਗਏ, ਤਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤਰ੍ਹਾਂ ਇਨ੍ਹਾਂ ਦੇ ਗਲਤ ਜਾਂ ਸਹੀ ਹੋਣ ਸਬੰਧੀ ਸਥਿਤੀ ਦਸਤਾਵੇਜ਼ਾਂ ’ਤੇ ਹੀ ਨਿਰਭਰ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਇਮੀਗਰੇਸ਼ਨ, ਕੰਸਲਟੈਂਟ, ਟਰੈਵਲ ਏਜੰਟ ਆਦਿ ਫਰਮ/ਸੰਗਠਨ ਆਦਿ ਨੂੰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਲਈ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਜੋ ਕਿ ਪੰਜ ਸਾਲ ਲਈ ਹੁੰਦਾ ਹੈ। ਜਾਂਚ ਦੌਰਾਨ ਟੀਮਾਂ ਵੱਲੋਂ ਲਾਈਸੈਂਸ ਦੀ ਮਿਆਦ ਸਮੇਤ ਪੰਜ ਸਾਲ ਤੋਂ ਜੋ ਵੀ ਵਿਦੇਸ਼ ਜਾਣ ਵਾਸਤੇ ਪਬਲਿਕ ਦੀਆਂ ਫਾਈਲਾਂ ਅਪਲਾਈ ਕੀਤੀਆਂ ਗਈਆਂ ਹਨ, ਸਬੰਧੀ ਰਿਕਾਰਡ ਦੀ ਜਾਂਚ ਵੀ ਕੀਤੀ ਗਈ ਹੈ। ਪਟਿਆਲਾ ਜ਼ਿਲ੍ਹੇ ਵਿੱਚ 600 ਦੇ ਕਰੀਬ ਟਰੈਵਲ ਏਜੰਟ ਅਤੇ ਆਈਲੈਟਸ ਸੈਂਟਰ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ’ਤੇ ਇਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਹੈ।