ਦਿੱਲੀ ’ਚ ਹੜ੍ਹ: ਲੋਕਾਂ ’ਚ ਅੱਖਾਂ ਤੇ ਚਮੜੀ ਦੇ ਰੋਗ ਫ਼ੈਲੇ, ਯਮੁਨਾ ਦਾ ਪਾਣੀ ਵਧਿਆ

ਦਿੱਲੀ ’ਚ ਹੜ੍ਹ: ਲੋਕਾਂ ’ਚ ਅੱਖਾਂ ਤੇ ਚਮੜੀ ਦੇ ਰੋਗ ਫ਼ੈਲੇ, ਯਮੁਨਾ ਦਾ ਪਾਣੀ ਵਧਿਆ

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਕਿਹਾ ਕਿ ਸ਼ਹਿਰ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਹੜ੍ਹ ਤੋਂ ਬਾਅਦ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਥੇ ਦਿੱਲੀ ਦੇ ਸਰਕਾਰੀ ਹਸਪਤਾਲ ਦੇ ਨਿਰੀਖਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਪਤ ਹੜ੍ਹ ਰਾਹਤ ਕੈਂਪਾਂ ਵਿੱਚੋਂ ਵੱਡੀ ਗਿਣਤੀ ਵਿੱਚ ਅੱਖਾਂ ਅਤੇ ਚਮੜੀ ਦੀ ਐਲਰਜੀ ਦੇ ਕੇਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਬੀ ਦਿੱਲੀ ਅਤੇ ਉੱਤਰ-ਪੂਰਬੀ ਦਿੱਲੀ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਹੜ੍ਹਾਂ ਤੋਂ ਬਾਅਦ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ ਪਰ ਫਿਲਹਾਲ ਇਹ ਰੁਝਾਨ ਦੇਖਣ ਨੂੰ ਨਹੀਂ ਮਿਲ ਰਿਹਾ। ਰਾਹਤ ਕੈਂਪਾਂ ਤੋਂ ਅੱਖਾਂ ਅਤੇ ਚਮੜੀ ਦੀ ਐਲਰਜੀ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ‘ਚ ਯਮੁਨਾ ਨਦੀ ਦੇ ਪਾਣੀ ਦੇ ਪੱਧਰ ‘ਚ ਫਿਰ ਤੋਂ ਮਾਮੂਲੀ ਵਾਧੇ ਬਾਰੇ ਸ੍ਰੀ ਭਾਰਦਵਾਜ ਨੇ ਕਿਹਾ ਕਿ ਪਿਛਲੇ ਦੋ ਦਿਨਾਂ ‘ਚ ਉੱਤਰ ਭਾਰਤ ਦੇ ਕੁਝ ਹਿੱਸਿਆਂ ‘ਚ ਬਾਰਸ਼ ਹੋਈ ਹੈ ਅਤੇ ਹੁਣ ਨਾਲਿਆਂ ਦਾ ਪਾਣੀ ਵੀ ਨਦੀਆਂ ‘ਚ ਜਾ ਰਿਹਾ ਹੈ, ਇਸ ਲਈ ਇਸ ਦੇ ਪਾਣੀ ਦਾ ਪੱਧਰ ਵਧ ਗਿਆ ਹੈ।