ਭਾਰਤ-ਅਮਰੀਕਾ ਸਭ ਤੋਂ ਨਜ਼ਦੀਕੀ ਭਾਈਵਾਲਾਂ ’ਚੋਂ ਇੱਕ: ਯੇਲੇਨ

ਭਾਰਤ-ਅਮਰੀਕਾ ਸਭ ਤੋਂ ਨਜ਼ਦੀਕੀ ਭਾਈਵਾਲਾਂ ’ਚੋਂ ਇੱਕ: ਯੇਲੇਨ

ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਨੇ ਭਾਈਵਾਲੀ ਨੂੰ ਮਜ਼ਬੂਤ ਕੀਤਾ: ਸੀਤਾਰਾਮਨ
ਭਵਿੱਖ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਹੋਰ ਵਧਣ ਦਾ ਭਰੋਸਾ ਜਤਾਇਆ

ਗਾਂਧੀਨਗਰ – ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੁਨੀਆ ਦੇ ਸਭ ਤੋਂ ਨਜ਼ਦੀਕੀ ਭਾਈਵਾਲਾਂ ’ਚੋਂ ਇੱਕ ਹਨ ਅਤੇ ਉਨ੍ਹਾਂ ਦਾ ਦੇਸ਼ ਜੀ-20 ਦੀ ਪ੍ਰਧਾਨਗੀ ਕਰਨ ਲਈ ਭਾਰਤ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਪਿਛਲੇ ਸਾਲ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਉਨ੍ਹਾਂ ਆਉਣ ਵਾਲੇ ਸਾਲਾਂ ਵਿੱਚ ਇਸ ਦੇ ਹੋਰ ਵਧਣ ਦਾ ਭਰੋਸਾ ਜਤਾਇਆ। ਇਸ ਦੌਰਾਨ ਯੇਲੇਨ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਚੱਲ ਰਹੀਆਂ ਜੀ-20 ਮੀਟਿੰਗਾਂ ਦੇ ਹਿੱਸੇ ਵਜੋਂ ਭਾਰਤ-ਅਮਰੀਕਾ ਗੱਲਬਾਤ ਤੋਂ ਪਹਿਲਾਂ ਅੱਜ ਇੱਥੇ ਮੀਡੀਆ ਨੂੰ ਸਾਂਝੇ ਤੌਰ ’ਤੇ ਸੰਬੋਧਨ ਕੀਤਾ।
ਇਸ ਦੌਰਾਨ ਸੀਤਾਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਮਹੀਨੇ ਅਮਰੀਕਾ ਫੇਰੀ ਅਤੇ ਅਮਰੀਕੀ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਮੁਲਾਕਾਤ ਨੇ ਦੋਹਾਂ ਦੇਸ਼ਾਂ ਵਿਚਾਲੇ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ। ਯੇਲੇਨ ਨੇ ਕਿਹਾ, “ਅਸੀਂ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਾਂ। ਅਮਰੀਕਾ ਅਤੇ ਭਾਰਤ ਦੁਨੀਆ ਦੇ ਸਭ ਤੋਂ ਨਜ਼ਦੀਕੀ ਭਾਈਵਾਲਾਂ ’ਚੋਂ ਇੱਕ ਹਨ। ਅਮਰੀਕਾ ਜੀ-20 ਦੀ ਪ੍ਰਧਾਨਗੀ ਕਰਨ ਲਈ ਭਾਰਤ ਦੀ ਸ਼ਲਾਘਾ ਕਰਦਾ ਹੈ ਅਤੇ ਅਸੀਂ ਉਨ੍ਹਾਂ ਨਾਲ ਆਪਣਾ ਨਜ਼ਦੀਕੀ ਸਹਿਯੋਗ ਜਾਰੀ ਰੱਖਾਂਗੇ।’’
ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਅਸੀਂ ਆਪਣੀਆਂ ਮੀਟਿੰਗਾਂ ਵਿੱਚ ਠੋਸ ਕਦਮ ਚੁੱਕ ਸਕਦੇ ਹਾਂ। ਮੈਂ ਭਾਰਤ ਵੱਲੋਂ ਜੀ-20 ਪ੍ਰਧਾਨ ਦੇ ਰੂਪ ਵਿੱਚ ਕਰਜ਼ੇ ਦੇ ਮੁੱਦੇ ’ਤੇ ਕੀਤੀ ਜਾ ਰਹੀ ਅਗਵਾਈ ਦੀ ਸ਼ਲਾਘਾ ਕਰਦੀ ਹਾਂ। ਸਾਨੂੰ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਅਜੈ ਬੰਗਾ ਦੀ ਉਮੀਦਵਾਰੀ ਦਾ ਸਮਰਥਨ ਕਰਨ ’ਤੇ ਵੀ ਮਾਣ ਹੈ। ਅਸੀਂ ਜੀ-20 ਵਿੱਚ ਆਪਸੀ ਸਹਿਯੋਗ ਤੋਂ ਪਹਿਲਾਂ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਵਧੇਰੇ ਮਹੱਤਵ ਦਿੰਦੇ ਹਾਂ।’’
ਅਮਰੀਕੀ ਵਿੱਤ ਮੰਤਰੀ ਨੇ ਕਿਹਾ, “ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਾਸ਼ਿੰਗਟਨ ਫੇਰੀ ਦੌਰਾਨ ਦਿਖਾਈ ਦਿੱਤਾ ਕਿ ਅਮਰੀਕਾ ਅਤੇ ਭਾਰਤ ਦੁਨੀਆ ਦੇ ਸਭ ਤੋਂ ਨਜ਼ਦੀਕੀ ਭਾਈਵਾਲਾਂ ਵਿੱਚੋਂ ਇੱਕ ਹਨ। ਮੈਨੂੰ ਮਾਣ ਹੈ ਕਿ ਮੈਂ ਇਨ੍ਹਾਂ ਸਬੰਧਾਂ ਨੂੰ ਅੱਗੇ ਵਧਾਉਣ ’ਚ ਮਦਦ ਕਰ ਰਹੀ ਹਾਂ।’’
ਇਸ ਮੌਕੇ ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਮਹੀਨੇ ਅਮਰੀਕਾ ਫੇਰੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਉਨ੍ਹਾਂ ਦੀ ਮੁਲਾਕਾਤ ਨੇ ਦੋਹਾਂ ਦੇਸ਼ਾਂ ਵਿਚਾਲੇ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ, “ਇਸ ਇਤਿਹਾਸਕ ਫੇਰੀ ਨੇ ਸਹਿਯੋਗ ਦੇ ਨਵੇਂ ਰਾਹ ਖੋਲ੍ਹੇ ਹਨ। ਇਸ ਨਾਲ ਸਾਡੀ ਭਾਈਵਾਲੀ ਨਵੀਆਂ ਉਚਾਈਆਂ ’ਤੇ ਪਹੁੰਚ ਗਈ ਹੈ।’’ –