ਪੰਜਾਬ ’ਚ ਮੌਨਸੂਨ ਮੁੜ ਸਰਗਰਮ ਹੋਈ

ਪੰਜਾਬ ’ਚ ਮੌਨਸੂਨ ਮੁੜ ਸਰਗਰਮ ਹੋਈ

ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਕੋਟਕਪੂਰਾ, ਮੁਕਤਸਰ ਸਾਹਿਬ ਅਤੇ ਲੁਧਿਆਣਾ ’ਚ ਭਾਰੀ ਮੀਂਹ ਪਿਆ
ਚੰਡੀਗੜ੍ਹ- ਪੰਜਾਬ ਵਿੱਚ ਮੌਨਸੂਨ ਮੁੜ ਸਰਗਰਮ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ। ਪੰਜਾਬ ਵਿੱਚ ਪਹਿਲਾਂ ਹੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਅੱਜ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਕੋਟਕਪੂਰਾ, ਮੁਕਤਸਰ ਸਾਹਬਿ, ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿਚ ਭਾਰੀ ਮੀਂਹ ਪਿਆ, ਜਿਸ ਮਗਰੋਂ ਸ਼ਹਿਰਾਂ ’ਚ ਮੁੜ ਜਲਥਲ ਹੋ ਗਿਆ। ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ 17 ਤੇ 18 ਜੁਲਾਈ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਫਿਰੋਜ਼ਪੁਰ ਵਿੱਚ 52 ਐੱਮਐੱਮ ਮੀਂਹ ਪਿਆ। ਲੁਧਿਆਣਾ ’ਚ 10 ਐੱਮਐੱਮ, ਫਰੀਦਕੋਟ ’ਚ 7 ਐੱਮਐੱਮ, ਗੁਰਦਾਸਪੁਰ ’ਚ 5 ਐੱਮਐੱਮ ਤੇ ਪਟਿਆਲਾ ’ਚ 1 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਪਹਿਲਾਂ ਲੰਘੀ ਰਾਤ ਚੰਡੀਗੜ੍ਹ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਬਰਨਾਲਾ, ਜਲੰਧਰ, ਲੁਧਿਆਣਾ ਤੇ ਹੋਰ ਥਾਈਂ ਹਲਕਾ ਮੀਂਹ ਪਿਆ ਸੀ। ਸੂਬੇ ’ਚ ਲੁਧਿਆਣਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਵੀ ਚੰਡੀਗੜ੍ਹ ’ਚ 34.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 31.6 ਡਿਗਰੀ ਸੈਲਸੀਅਸ, ਲੁਧਿਆਣਾ ’ਚ 33.8 ਡਿਗਰੀ, ਪਟਿਆਲਾ ’ਚ 34 ਡਿਗਰੀ, ਬਠਿੰਡਾ ’ਚ 36.4 ਡਿਗਰੀ, ਫਰੀਦਕੋਟ ’ਚ 34 ਡਿਗਰੀ, ਗੁਰਦਾਸਪੁਰ ’ਚ 34.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।