ਹੜ੍ਹਾਂ ਦੇ ਝੰਬੇ ਲੋਕਾਂ ਲਈ ਰੱਬ ਬਣ ਕੇ ਬਹੁੜੇ ਸਮਾਜ ਸੇਵੀ

ਹੜ੍ਹਾਂ ਦੇ ਝੰਬੇ ਲੋਕਾਂ ਲਈ ਰੱਬ ਬਣ ਕੇ ਬਹੁੜੇ ਸਮਾਜ ਸੇਵੀ

ਹੜ੍ਹਾਂ ’ਚ ਆਪਣੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰਕੇ ਸਮਾਜਸੇਵੀਆਂ ਨੇ ਫੜੀ ਜ਼ਰੂਰਤਮੰਦਾਂ ਦੀ ਬਾਂਹ
ਪਟਿਆਲਾ- ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ, ਟਾਂਗਰੀ ਤੇ ਪਟਿਆਲਾ ਨਦੀ ਤੇ ਮਾਰਕੰਡਾ ਸਮੇਤ ਸਾਰੇ ਨਦੀਆਂ ਨਾਲ਼ਿਆਂ ਵਿਚ ਰਾਜਪੁਰਾ, ਸਨੌਰ ਤੇ ਘਨੌਰ ਖੇਤਰਾਂ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ। ਪਰ ਇਸ ਦੇ ਬਾਵਜੂਦ ਜਿਲ੍ਹੇ ਦੇ ਅਨੇਕਾਂ ਹੀ ਪਿੰਡਾਂ ਵਿਚ ਹਾਲਤ ਅਜੇ ਵੀ ਗੰਭੀਰ ਬਣੇ ਹੋਏ ਹਨ। ਜਿਸ ਦੇ ਚੱਲਦਿਆਂ ਵੱਖ ਵੱਖ ਸਮਾਜ ਸੇਵੀ ਤੇ ਹੋਰਨਾ ਧਿਰਾਂ ਵੱਲੋਂ ਭੇਦਭਾਵ ਤੋਂ ਉਪਰ ਉਠ ਕੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਸਦ ਅਤੇ ਪਸ਼ੂਆਂ ਲਈ ਹਰੇ ਚਾਰੇ ਦਾ ਬੜੀ ਹੀ ਸ਼ਿੱਦਤ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਲੋਕਾਂ ਵੱਲੋਂ ਵੱਖ ਵੱਖ ਥਾਵਾਂ ਤੋਂ ਹਰਾ ਚਾਰਾ ਖੁਦ ਵੱਢ ਖੁਦ ਵੱਢ ਕੇ ਟਰਾਲੀਆਂ ਰਾਹੀਂ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਲਈ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਸਮੇਤ ਹੋਰ ਸਮਾਜ ਸੇਵੀ ਕਈ ਦਿਨਾ ਤੋਂ ਲੰਗਰ ਦੀ ਸੇਵਾ ’ਚ ਜੁਟੇ ਹੋਏ ਹਨ। ਪਟਿਆਲਾ ਮੀਡੀਆ ਕਲੱੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਸਮੇਤ ਪਰਮੀਤ ਸਿੰਘ, ਕੁਲਵੀਰ ਧਾਲ਼ੀਵਾਲ ਤੇ ਕਮਲ ਦੂਆ ਸਮੇਤ ਹੋਰ ਕਲੱਬ ਅਹੁਦੇਦਾਰਾਂ ਨੇ ਵੀ ਪਾਣੀ ’ਚ ਫਸੇ ਲੋਕਾਂ ਨੂੰ ਰਸ਼ਦ ਅਤੇ ਪਾਣੀ ਆਦਿ ਮੁਹੱਈਆ ਕਰਵਾਇਆ। ਕਿਸਾਨ ਆਗੂ ਐਡਵਕੇਟ ਪ੍ਰਭਜੀਤਪਾਲ ਸਿੰਘ ਤੇ ਟੀਮ ਵੀ ਅਜਿਹੀ ਹੀ ਸੇਵਾ ’ਚ ਜੁਟੀ ਹੋਈ ਹੈ। ਪ੍ਰਿੰਸੀਪਲ ਸੁਖਦਰਸ਼ਨ ਸਿੰਘ ਗਾਜੀ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਦਦ ਨਾਲ ਪੀੜਤਾਂ ਦੀ ਸੇਵਾ ਕਰ ਰਹੇ ਹਨ। ਇਥੋਂ ਤੱਕ ਕਿ ਪਿੰਡਾਂ ਵਿਚਲੇ ਕਈ ਉਹ ਨੌਜਵਾਨ, ਜਿਨ੍ਹਾਂ ਦੇ ਆਪਣੇ ਘਰਾਂ ’ਚ ਹੜ੍ਹਾਂ ਦਾ ਪਾਣੀ ਭਰਿਆ ਰਿਹਾ ਅਤੇ ਹੋਇਆ ਹੈ, ਵੀ ਆਪਣੇ ਟਰੈਕਟਰਾਂ ਆਦਿ ਰਾਹੀਂ ਪਟਿਆਲਾ ਜਿਲ੍ਹੇ ਦੇ ਸ਼ਹਿਰੀ ਖੇਤਰਾਂ ‘ਚ ਫਸੇ ਲੋਕਾਂ ਦੀ ਮਦਦ ਕਰਦੇ ਰਹੇ ਹਨ। ਇਸੇ ਦੌਰਾਨ ਡੇਰਾ ਸਿਰਸਾ ਦੇ ਸੇਵਾਦਾਰਾਂ ਅੱਜ ਵੀ ਚਾਰ ਦਿਨਾ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਜਾ ਕੇ ਫਸੇ ਲੋਕਾਂ ਲਈ ਰਸਦ, ਪਾਣੀ ਅਤੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾ ਰਹੇ ਹਨ।
ਪਟਿਆਲਾ ਵਿਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਹੋਈ ਤਬਾਹੀ ਨੂੰ ਕੁਝ ਰਾਹਤ ਦੇਣ ਲਈ ਅੱਜ ਬਰਨਾਲੇ ਦੀਆਂ ਦੋ ਕੁੜੀਆਂ ਨੇ ਮਿਸਾਲ ਕਾਇਮ ਕੀਤੀ, ਜਿਸ ਨੇ ਇਹ ਮਹਿਸੂਸ ਕਰਵਾਇਆ ਕਿ ਅੱਜ ਦੀਆਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਇਹ ਕੁੜੀਆਂ ਕੜਕਦੀ ਹੁੰਮਸ ਭਰੀ ਗਰਮੀ ਵਿਚ ਬਰਨਾਲੇ ਤੋਂ ਟਰਾਲੀ ਵਿਚ ਜ਼ਰੂਰੀ ਲੋੜਾਂ ਦਾ ਸਾਮਾਨ ਭਰ ਕੇ ਲੈ ਕੇ ਆਈਆਂ ਤੇ ਉਨ੍ਹਾਂ ਪ‌ਟਿਆਲਾ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਵੰਡਿਆ। ਉਨ੍ਹਾਂ ਪਹਿਲਾਂ ਖ਼ਾਲਸਾ ਏਡ ਨੂੰ ਪੁੱਛ ਕੇ ਹੀ ਲੋੜਵੰਦ ਸਾਮਾਨ ਇੱਥੇ ਲਿਆਂਦਾ। ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕ ਅਮਨਾਜ਼ ਕੌਰ ਅਤੇ ਸੈਕਰਡ ਹਾਰਡ ਸਕੂਲ ਦੀ ਅਧਿਆਪਕ ਕੁੜੀ ਰਮਨਦੀਪ ਕੌਰ ਨੇ ਦੱਸਿਆ ਕਿ ਅਸੀਂ ਪਟਿਆਲਾ ਵਿਚ ਹੜ੍ਹਾਂ ਕਾਰਨ ਆਈ ਤਬਾਹੀ ਦੀਆਂ ਖ਼ਬਰਾਂ ਨੂੰ ਸੁਣ ਰਹੀਆਂ ਸਾਂ ਜਿਸ ਕਰਕੇ ਅਸੀਂ ਬਰਨਾਲਾ ਸ਼ਹਿਰ ਵਿਚ ਲੋਕਾਂ ਕੋਲ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਗੁਹਾਰ ਲਗਾਈ, ਬਰਨਾਲੇ ਦੇ ਲੋਕਾਂ ਨੇ ਹੜ੍ਹ ਪੀੜਤਾਂ ਲਈ ਮਦਦ ਕਰਨ ਲਈ ਆਪਣੇ ਹੱਥ ਖੋਲ੍ਹ ਦਿੱਤੇ।