ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਬਣਿਆ ਵਿੰਬਲਡਨ ਚੈਂਪੀਅਨ

ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਬਣਿਆ ਵਿੰਬਲਡਨ ਚੈਂਪੀਅਨ

ਵਿੰਬਲਡਨ-ਸਪੇਨ ਦੇ ਕਾਰਲੋਸ ਅਲਕਰਾਜ਼ ਗਰਫੀਆ ਨੇ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਨੋਵਾਕ ਜੋਕੋਵਿਚ ਦੀ 34 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਨੂੰ ਰੋਕਦਿਆਂ ਅੱਜ ਇੱਥੇ ਰੋਮਾਂਚਕ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਅਲਕਰਾਜ਼ ਦਾ ਇਹ ਦੂਸਰਾ ਗਰੈਂਡ ਸਲੈਮ ਖਿਤਾਬ ਹੈ। ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਅਲਕਰਾਜ਼ ਨੇ ਪੰਜ ਸੈੱਟਾਂ ਤੱਕ ਚੱਲੇ ਮੁਕਾਬਲੇ ਵਿੱਚ ਜੋਕੋਵਿਚ ਨੂੰ 1-6, 7-6, 6-1, 3-6, 6-4 ਨਾਲ ਹਰਾਇਆ। ਅਲਕਰਾਜ਼ ਨੇ ਪਿਛਲੇ ਸਾਲ ਨਾਰਵੇ ਵਿੱਚ ਕੈਸਪਰ ਰੂਡ ਨੂੰ ਹਰਾ ਕੇ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ ਸੀ।
ਇਸ ਹਾਰ ਦੇ ਨਾਲ ਹੀ ਜੋਕੋਵਿਚ ਦਾ 24ਵਾਂ ਗਰੈਂਡ ਸਲੈਮ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਹੈ। ਜੇਕਰ ਸਰਬਿਆਈ ਦਾ 36 ਸਾਲਾ ਖਿਡਾਰੀ ਇਹ ਮੈਚ ਜਿੱਤ ਜਾਂਦਾ ਤਾਂ ਉਹ ਪੁਰਸ਼ ਸਿੰਗਲਜ਼ ਵਿੱਚ ਸਭ ਤੋਂ ਵੱਧ ਵਿੰਬਲਡਨ ਖ਼ਿਤਾਬ ਜਿੱਤਣ ਵਾਲੇ ਰੋਜ਼ਰ ਫੈਡਰਰ ਦੀ ਬਰਾਬਰੀ ਕਰ ਲੈਂਦਾ। ਫੈਡਰਰ ਨੇ ਅੱਠ ਵਾਰ ਵਿੰਬਲਡਨ ਚੈਂਪੀਅਨਸ਼ਿਪ ਜਿੱਤੀ ਸੀ। ਸਪੇਨ ਦਾ 20 ਸਾਲਾ ਅਲਕਰਾਜ਼ ਵਿੰਬਲਡਨ ਜਿੱਤਣ ਵਾਲਾ ਤੀਸਰਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ। ਦੋਵਾਂ ਦਰਮਿਆਨ ਉਮਰ ਦਾ ਅੰਤਰ 1974 ਮਗਰੋਂ ਕਿਸੇ ਵੀ ਗਰੈਂਡ ਸਲੈਮ ਫਾਈਨਲ ਵਿੱਚ ਸਭ ਤੋਂ ਵੱਧ ਹੈ। ਦੋਵਾਂ ਖਿਡਾਰੀਆਂ ਵਿਚਾਲੇ ਪਿਛਲੇ ਮਹੀਨੇ ਫਰੈਂਚ ਓਪਨ ਦਰਮਿਆਨ ਭੇੜ ਹੋਇਆ ਸੀ, ਜਿਸ ਵਿੱਚ ਅਲਕਰਾਜ਼ ਜ਼ਖ਼ਮੀ ਹੋ ਗਿਆ ਸੀ। ਜੋਕੋਵਿਚ ਨੇ ਆਖ਼ਰੀ ਵਾਰ ਇੱਥੇ 2013 ਵਿੱਚ ਫਾਈਨਲ ਮੈਚ ਹਾਰਿਆ ਸੀ। ਇਹ ਜੋਕੋਵਿਚ ਦਾ ਰਿਕਾਰਡ 35ਵਾਂ ਗਰੈਂਡ ਸਲੈਮ ਫਾਈਨਲ ਸੀ।