ਮਹਿਲਾ ਕ੍ਰਿਕਟ: ਬੰਗਲਾਦੇਸ਼ ਦੀ ਭਾਰਤ ’ਤੇ ਪਹਿਲੀ ਜਿੱਤ

ਮਹਿਲਾ ਕ੍ਰਿਕਟ: ਬੰਗਲਾਦੇਸ਼ ਦੀ ਭਾਰਤ ’ਤੇ ਪਹਿਲੀ ਜਿੱਤ

ਮੀਰਪੁਰ- ਭਾਰਤੀ ਮਹਿਲਾ ਟੀਮ ਦਾ ਬੱਲੇਬਾਜ਼ੀ ਵਿੱਚ ਮਾੜਾ ਪ੍ਰਦਰਸ਼ਨ ਜਾਰੀ ਰਿਹਾ ਜਿਸ ਨਾਲ ਬੰਗਲਾਦੇਸ਼ ਨੇ ਆਪਣੀ ਗੇਂਦਬਾਜ਼ੀ ਦੀ ਬਦੌਲਤ ਅੱਜ ਇੱਥੇ ਮੀਂਹ ਕਾਰਨ ਪ੍ਰਭਾਵਿਤ ਸ਼ੁਰੂਆਤੀ ਮਹਿਲਾ ਇੱਕਰੋਜ਼ਾ ਕੌਮਾਂਤਰੀ ਮੈਚ ਵਿੱਚ ਡਕਵਰਥ ਲੂਈ ਨਿਯਮ ਅਨੁਸਾਰ 40 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਹ ਬੰਗਲਾਦੇਸ਼ ਦੀ ਮਹਿਮਾਨ ਟੀਮ ’ਤੇ ਇਕ-ਰੋਜ਼ਾ ਮੈਚਾਂ ਵਿੱਚ ਪਹਿਲੀ ਜਿੱਤ ਹੈ, ਜਿਸ ਨਾਲ ਉਸ ਨੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਹਾਸਲ ਕਰ ਲਈ ਹੈ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 43 ਓਵਰਾਂ ਵਿੱਚ 152 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਟੀਚੇ ਦਾ ਪਿੱਛਾ ਕਰਨ ਮੈਦਾਨ ਵਿੱਚ ਉੱਤਰੀ ਭਾਰਤੀ ਟੀਮ 35.5 ਓਵਰਾਂ ਵਿੱਚ ਸਿਰਫ਼ 113 ਦੌੜਾਂ ਬਣਾ ਕੇ ਆਊਟ ਹੋ ਗਈ।
ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ 20 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 20 ਦੌੜਾਂ ਤੱਕ ਨਹੀਂ ਪਹੁੰਚ ਸਕੀ। ਬੰਗਲਾਦੇਸ਼ ਵੱਲੋਂ ਮਾਰੂਫਾ ਅਖ਼ਤਰ ਨੇ ਚਾਰ ਅਤੇ ਰਾਬੀਆ ਖਾਨ ਨੇ 3 ਵਿਕਟਾਂ ਹਾਸਲ ਕੀਤੀ। ਇਸ ਤੋਂ ਪਹਿਲਾਂ ਭਾਰਤ ਦੀ ਨੌਜਵਾਨ ਤੇਜ਼ ਗੇਂਦਬਾਜ਼ ਅਮਨਜੋਤ ਕੌਰ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣੇ ਪਹਿਲੇ ਮੈਚ ਵਿੱਚ 31 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਬੰਗਲਾਦੇਸ਼ ਦੀ ਟੀਮ 43 ਓਵਰਾਂ ਵਿੱਚ 152 ਦੌੜਾਂ ਬਣਾ ਕੇ ਆਊਟ ਹੋ ਗਈ। ਕਰੀਬ ਇੱਕ ਘੰਟਾ ਮੀਂਹ ਪੈਣ ਕਾਰਨ ਮੈਚ 44-44 ਓਵਰ ਦਾ ਕਰ ਦਿੱਤਾ ਗਿਆ ਸੀ।
ਭਾਰਤ ਦੀ 23 ਸਾਲਾ ਅਮਨਜੋਤ ਕੌਰ ਨੇ ਬੰਗਲਾਦੇਸ਼ ਦੀ ਸਲਾਮੀ ਬੱਲੇਬਾਜ਼ ਮੁਰਸ਼ਿਦਾ ਖਾਤੂਨ, ਫਰਗਨਾ ਹੱਕ, ਕਪਤਾਨ ਨਿਗਾਰ ਸੁਲਤਾਨਾ ਤੇ ਰਾਬੀਆ ਖਾਨ ਦੀਆਂ ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਵੱਲੋਂ ਨਿਗਾਰ ਸੁਲਤਾਨਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਫਰਗਨਾ ਹੱਕ ਨੇ 37 ਦੌੜਾਂ ਦੀ ਪਾਰੀ ਖੇਡੀ।