ਮੋਦੀ ਦਾ ਫਰਾਂਸ ਦੇ ਸਰਬਉੱਚ ਨਾਗਰਿਕ ਤੇ ਫ਼ੌਜੀ ਪੁਰਸਕਾਰ ਨਾਲ ਸਨਮਾਨ

ਮੋਦੀ ਦਾ ਫਰਾਂਸ ਦੇ ਸਰਬਉੱਚ ਨਾਗਰਿਕ ਤੇ ਫ਼ੌਜੀ ਪੁਰਸਕਾਰ ਨਾਲ ਸਨਮਾਨ

ਫਰਾਂਸੀਸੀ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਮੋਦੀ
ਪੈਰਿਸ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਸਰਬਉੱਚ ਨਾਗਰਿਕ ਅਤੇ ਫ਼ੌਜੀ ਸਨਮਾਨ ‘ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ’ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸ੍ਰੀ ਮੋਦੀ ਨੂੰ ਇਸ ਸਨਮਾਨ ਨਾਲ ਨਿਵਾਜਿਆ। ਪ੍ਰਧਾਨ ਮੰਤਰੀ ਮੋਦੀ ਨੂੰ ਵੀਰਵਾਰ ਨੂੰ ‘ਐਲਿਸੀ ਪੈਲੇਸ’ (ਫਰਾਂਸ ਦਾ ਰਾਸ਼ਟਰਪਤੀ ਨਿਵਾਸ) ’ਚ ਇਸ ਸਨਮਾਨ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਬ੍ਰਿਟੇਨ ਦੇ ਮਹਾਰਾਜਾ ਚਾਰਲਸ (ਤਤਕਾਲੀ ਪ੍ਰਿੰਸ ਆਫ਼ ਵੇਲਜ਼), ਜਰਮਨੀ ਦੀ ਸਾਬਕਾ ਚਾਂਸਲਰ ਐਂਜਲਾ ਮਰਕਲ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਬੁਤਰਸ ਬੁਤਰਸ ਘਾਲੀ ਨੂੰ ਫਰਾਂਸ ਦੇ ਸਰਬਉੱਚ ਸਨਮਾਨ ਨਾਲ ਨਿਵਾਜਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ,‘‘ਮੈਂ ਬੇਹੱਦ ਨਿਮਰਤਾ ਨਾਲ ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ ਨੂੰ ਸਵੀਕਾਰ ਕਰਦਾ ਹਾਂ। ਇਹ ਭਾਰਤ ਦੇ 140 ਕਰੋੜ ਲੋਕਾਂ ਦਾ ਸਨਮਾਨ ਹੈ। ਮੈਂ ਇਸ ਲਈ ਰਾਸ਼ਟਰਪਤੀ ਇਮੈਨੂਅਲ ਮੈਕਰੌਂ, ਫਰਾਂਸ ਸਰਕਾਰ ਅਤੇ ਉਥੋਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਹ ਭਾਰਤ ਪ੍ਰਤੀ ਉਨ੍ਹਾਂ ਦੇ ਡੂੰਘੇ ਸਨੇਹ ਅਤੇ ਸਾਡੇ ਦੇਸ਼ ਨਾਲ ਦੋਸਤੀ ਨੂੰ ਅੱਗੇ ਵਧਾਉਣ ਦੇ ਅਹਿਦ ਨੂੰ ਦਰਸਾਉਂਦਾ ਹੈ।’’ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲਾਂ ਵੀ ਕਈ ਮੁਲਕਾਂ ਨੇ ਆਪਣੇ ਸਰਬਉੱਚ ਪੁਰਸਕਾਰਾਂ ਨਾਲ ਨਿਵਾਜਿਆ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਬ੍ਰਿਜਿਟ ਮੈਕਰੌਂ ਨੇ ਐਲਿਸੀ ਪੈਲੇਸ ’ਚ ਪ੍ਰਧਾਨ ਮੰਤਰੀ ਮੋਦੀ ਲਈ ਨਿੱਜੀ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਸੀ। ਸ੍ਰੀ ਮੋਦੀ ਨੇ ਇਕ ਕਲਾ ਕੇਂਦਰ ’ਚ ਪਰਵਾਸੀ ਭਾਰਤੀਆਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭੁਗਤਾਨ ਪ੍ਰਣਾਲੀ ਯੂਪੀਆਈ ਦੀ ਵਰਤੋਂ ਨੂੰ ਲੈ ਕੇ ਭਾਰਤ ਅਤੇ ਫਰਾਂਸ ਵਿਚਕਾਰ ਸਹਿਮਤੀ ਬਣੀ ਹੈ ਜਿਸ ਦੇ ਨਤੀਜੇ ਵਜੋਂ ਹੁਣ ਇਸ ਦੀ ਵਰਤੋਂ ਕੀਤੀ ਜਾ ਸਕੇਗੀ ਅਤੇ ਭਾਰਤੀ ਕਾਢਾਂ ਲਈ ਇਕ ਵੱਡਾ ਬਾਜ਼ਾਰ ਖੁੱਲ੍ਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਫਰਾਂਸ ’ਚ ਪੋਸਟ ਗਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਪੰਜ ਸਾਲ ਦਾ ਵਰਕ ਵੀਜ਼ਾ ਵੀ ਦਿੱਤਾ ਜਾਵੇਗਾ। ਸ੍ਰੀ ਮੋਦੀ ਨੇ ਭਾਰਤ ਦੇ ਤੇਜ਼ ਰਫ਼ਤਾਰ ਨਾਲ ਹੋ ਰਹੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ’ਚ ਭਾਰਤ ਦੀ ਤਾਕਤ ਅਤੇ ਉੁਸ ਦੀ ਭੂਮਿਕਾ ’ਚ ਵੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਮਾਰਸੇਲੇ ’ਚ ਨਵਾਂ ਭਾਰਤੀ ਕੌਂਸੁਲੇਟ ਖੋਲ੍ਹਣ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਫਰਾਂਸ ਆਏ ਹਨ ਪਰ ਇਸ ਵਾਰ ਦਾ ਦੌਰਾ ਕੁਝ ਖਾਸ ਹੈ ਕਿਉਂਕਿ ਦੋਵੇਂ ਮੁਲਕਾਂ ਦੀ ਰਣਨੀਤਕ ਭਾਈਵਾਲੀ ਦੀ ਇਹ 25ਵੀਂ ਵਰ੍ਹੇਗੰਢ ਹੈ। ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਮੁਲਕ ’ਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਕਾਸ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ।