ਯਮੁਨਾ ਦਾ ਪਾਣੀ ਸੁਪਰੀਮ ਕੋਰਟ ਤੱਕ ਪੁੱਜਾ

ਯਮੁਨਾ ਦਾ ਪਾਣੀ ਸੁਪਰੀਮ ਕੋਰਟ ਤੱਕ ਪੁੱਜਾ

ਇੰਦਰਪ੍ਰਸਥ ਨੇੜੇ ਰੈਗੂਲੇਟਰ ਨੁਕਸਾਨਿਆ; ਆਈਟੀਓ ਤੇ ਰਾਜਘਾਟ ਵੀ ਹੜ੍ਹ ਦੀ ਮਾਰ ਹੇਠ

ਨਵੀਂ ਦਿੱਲੀ- ਯਮੁਨਾ ਵਿੱਚ ਪਿਛਲੇ ਦੋ ਦਿਨਾਂ ਤੋਂ ਚੜ੍ਹਿਆ ਪਾਣੀ ਦਾ ਪੱਧਰ ਘਟਣ ਲੱਗਾ ਹੈ, ਪਰ ਰੈਗੂਲੇਟਰ ਨੂੰ ਪੁੱਜੇ ਨੁਕਸਾਨ ਨਾਲ ਨਦੀ ਦਾ ਵਾਧੂ ਪਾਣੀ ਸੱਤ ਕਿਲੋਮੀਟਰ ਦੂਰ ਸੁਪਰੀਮ ਕੋਰਟ ਦੀਆਂ ਬਰੂਹਾਂ ਤੱਕ ਪੁੱਜ ਗਿਆ ਹੈ। ਆਈਟੀਓ ਚੌਕ ਤੇ ਰਾਜਘਾਟ ਸਥਿਤ ਮਹਾਤਮਾ ਗਾਂਧੀ ਸਮਾਰਕ ਵਿੱਚ ਵੀ ਹੜ੍ਹ ਵਰਗੇ ਹਾਲਾਤ ਹਨ। ਯਮੁਨਾ ਵਿਚ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਪਰ ਹੜ੍ਹ ਦੇ ਪਾਣੀ ਨੂੰ ਕੌਮੀ ਰਾਜਧਾਨੀ ਦੇ ਐਨ ਵਿਚਾਲੇ ਕੇਂਦਰੀ ਦਿੱਲੀ ਵਿਚ ਪੁੱਜਣ ਤੋਂ ਨਹੀਂ ਰੋਕ ਸਕਿਆ। ਡਰੇਨ ਨੰਬਰ 12 ’ਤੇ ਇੰਦਰਪ੍ਰਸਥ ਬੱਸ ਸਟੈਂਡ ਤੇ ਡਬਲਿਊਐੱਚਓ ਬਿਲਡਿੰਗ ਨਜ਼ਦੀਕ ਸਥਾਪਿਤ ਰੈਗੂਲੇਟਰ ਦੀ ਰੇਤ ਦੇ ਬੋਰਿਆਂ ਤੇ ਵੱਡੇ ਗੋੋਲ-ਪੱਥਰਾਂ ਨਾਲ ਮੁਰੰਮਤ ਕੀਤੀ ਗਈ ਸੀ। ਇਸੇ ਦੌਰਾਨ ਮੁਕੰਦਪੁਰ ਇਲਾਕੇ ਵਿੱਚ 3 ਬੱਚੇ ਹੜ੍ਹ ਦੇ ਪਾਣੀ ਵਿੱਚ ਨਹਾਉਣ ਸਮੇਂ ਡੁੱਬ ਗਏ।
ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਰੈਗੂਲੇਟਰ ਨੁਕਸਾਨਿਆ ਗਿਆ ਕਿਉਂਕਿ ਐੱਨਡੀਆਰਐੱਫ ਦੀ ਤਾਇਨਾਤੀ ਵਿੱਚ ਦੇਰੀ ਕੀਤੀ ਗਈ। ਉਧਰ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਭਾਰਦਵਾਜ ਨੂੰ ਅਪੀਲ ਕੀਤੀ ਕਿ ਉਹ ਦੂਸ਼ਣਬਾਜ਼ੀ ਦੀ ਖੇਡ ਵਿੱਚ ਨਾ ਪੈਣ।
ਤਿੰਨ ਦਿਨ ਪਹਿਲਾਂ ਯਮੁਨਾ ਨਦੀ ਵਿਚ 45 ਸਾਲਾਂ ਦਾ ਪਿਛਲਾ ਰਿਕਾਰਡ ਤੋੜਨ ਮਗਰੋਂ ਪਾਣੀ ਦਾ ਪੱਧਰ ਘੱਟ ਕੇ ਸ਼ੁੱਕਰਵਾਰ ਸ਼ਾਮ ਤਿੰਨ ਵਜੇ 208.25 ਮੀਟਰ ਨੂੰ ਪੁੱਜ ਗਿਆ ਸੀ। ਹਾਲਾਂਕਿ ਦਿੱਲੀ ਦੇ ਕਈ ਪ੍ਰਮੁੱਖ ਇਲਾਕਿਆਂ ਅਜੇ ਵੀ ਹੜ੍ਹ ਦਾ ਪਾਣੀ ਖੜ੍ਹਾ ਸੀ। ਵੀਰਵਾਰ ਨੂੰ ਯਮੁਨਾ ਵਿੱਚ ਪਾਣੀ ਦਾ ਪੱਧਰ ਤਿੰਨ ਘੰਟਿਆਂ ਤੱਕ ਸਥਿਰ ਰਹਿਣ ਮਗਰੋਂ ਵਧਣ ਲੱਗਾ ਸੀ। ਵੀਰਵਾਰ ਸ਼ਾਮ ਸੱਤ ਵਜੇ ਤੱਕ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਤਿੰਨ ਮੀਟਰ ਵੱਧ ਕੇ 208.66 ਮੀਟਰ ਨੂੰ ਪੁੱਜ ਗਿਆ ਸੀ। ਸ਼ੁੱਕਰਵਾਰ ਸ਼ਾਮ 4 ਵਜੇ ਯਮੁਨਾ ਵਿਚ ਪਾਣੀ ਦਾ ਪੱਧਰ 208.23 ਮੀਟਰ ਸੀ।
ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿਨੇ ਮੌਕੇ ਦਾ ਮੁਆਇਨਾ ਕਰਨ ਮਗਰੋਂ ਕਿਹਾ ਕਿ ਇੰਦਰਪ੍ਰਸਥ ਵਾਟਰ ਰੈਗੂਲੇਟਰ ਵਿਚ ਨਦੀ ਦੇ ਤੇਜ਼ ਵਹਾਅ ਕਰਕੇ ਪਾੜ ਪਿਆ ਤੇ ਇਸ ਦੀ ਤਿੰਨ ਤੋਂ ਚਾਰ ਘੰਟਿਆਂ ਵਿੱਚ ਮੁਰੰਮਤ ਕਰ ਦਿੱਤੀ ਜਾਵੇਗੀ। ਕੇਜਰੀਵਾਲ ਨੇ ਮਗਰੋਂ ਵੀਡੀਓ ਸੁਨੇਹੇ ਵਿਚ ਕਿਹਾ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਹ ਰੈਗੂਲੇਟਰ ਵਿਚ ਪਾੜ ਪਾ ਕੇ ਸ਼ਹਿਰ ਵਿਚ ਦਾਖ਼ਲ ਹੋ ਗਿਆ। ਰੈਗੂਲੇਟਰ ਨੁਕਸਾਨੇ ਜਾਣ ਕਰਕੇ ਆਈਟੀਓ ਤੇ ਨੇੜਲੇ ਇਲਾਕਿਆਂ ਵਿਚ ਵਾਧੂ ਪਾਣੀ ਦਾਖ਼ਲ ਹੋ ਗਿਆ। ਮੁੱਖ ਮੰਤਰੀ ਨੇ ਕਿਹਾ, ‘‘ਮਜ਼ਦੂਰਾਂ ਤੇ ਇੰਜਨੀਅਰਾਂ ਨੇ ਪਾਣੀ ਨੂੰ ਰੋਕਣ ਲਈ ਰਾਤ ਭਰ ਕੰਮ ਕਰ ਕੇ ਰੇਤ ਦੇ ਬੋਰਿਆਂ ਤੇ ਪੱਥਰਾਂ ਨਾਲ ਦੀਵਾਰ ਬਣਾਈ ਸੀ। ਫੌਜ ਤੇ ਐੱਨਡੀਆਰਐੱਫ ਦੀ ਟੀਮ ਵੀ ਇਸ ਅਪਰੇਸ਼ਨ ਵਿੱਚ ਸ਼ਾਮਲ ਹਨ। ਮੇਰਾ ਮੰਨਣਾ ਹੈ ਕਿ ਅਸੀਂ ਅਗਲੇ ਤਿੰਨ ਚਾਰ ਘੰਟਿਆਂ ਵਿੱਚ ਪਾਣੀ ਨੂੰ ਰੋਕਣ ਵਿੱਚ ਸਫ਼ਲ ਰਹਾਂਗੇ।’’ ਮੁੱਖ ਮੰਤਰੀ ਨੇ ਕਿਹਾ ਕਿ ਰਾਜਘਾਟ ਇਲਾਕੇ ਵਿਚ ਹੜ੍ਹਾਂ ਵਰਗੇ ਹਾਲਾਤ ਹਨ ਕਿਉਂਕਿ ਇਲਾਕੇ ਦੇ ਡਰੇਨ ’ਚੋਂ ਪਾਣੀ ਦਾ ਬੈਕਫਲੋਅ ਹੋਣ ਲੱਗਾ ਸੀ। ਕੇਜਰੀਵਾਲ ਨੇ ਰੈਗੂਲੇਟਰ ਦੇ ਨੁਕਸਾਨ ’ਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਸਿਆਸਤ ’ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਨਾਂਹ ਕਰ ਦਿੱਤੀ।
ਯਮੁਨਾ ਦਾ ਪਾਣੀ ਕੇਂਦਰੀ ਦਿੱਲੀ ਵਿੱਚ ਸੁਪਰੀਮ ਕੋਰਟ ਦੀਆਂ ਬਰੂਹਾਂ ਤੱਕ ਪਹੁੰਚ ਗਿਆ। ਉੱਤਰ-ਪੱਛਮੀ ਦਿੱਲੀ ਦੇ ਕਿੰਗਜ਼ਵੇਅ ਕੈਂਪ ਵਿਚ ਬਲਾਈਂਡ ਸਕੂਲ ਦੇ 60 ਤੋਂ ਵੱਧ ਵਿਦਿਆਰਥੀਆਂ ਨੂੰ ਦਿੱਲੀ ਪੁਲੀਸ ਨੇ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਹੈ। ਦਿੱਲੀ ਵਿੱਚ ਯਮੁਨਾ ਕੰਢੇ ਸ਼ਮਸ਼ਾਨਘਾਟਾਂ ਵਿਚ ਵੀ ਹੜ੍ਹਾਂ ਵਰਗੇ ਹਾਲਾਤ ਹਨ। ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿ ਨਿਗਮਬੋਧ ਘਾਟ, ਗੀਤਾ ਕਲੋਨੀ, ਵਜ਼ੀਰਾਬਾਦ ਤੇ ਸਰਾਏ ਕਾਲੇ ਖ਼ਾਨ ਵਿਚਲੇ ਸ਼ਮਸ਼ਾਨਘਾਟਾਂ ਨੂੰ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਆਏ ਹੜ੍ਹਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਉਧਰ ਦਿੱਲੀ ਦੇ ਸਿੰਜਾਈ ਤੇ ਹੜ੍ਹ ਕੰਟਰੋਲ ਮੰਤਰੀ ਸੌਰਭ ਭਾਰਦਵਾਜ ਨੇ ਮੌਕੇ ਦਾ ਮੁਆਇਨਾ ਕਰਨ ਮੌਕੇ ਉਪ ਰਾਜਪਾਲ ਸਕਸੈਨਾ ਦੀ ਹਾਜ਼ਰੀ ਵਿਚ ਕਿਹਾ ਕਿ ਐੱਨਡੀਆਰਐੱਫ ਦੀ ਤਾਇਨਾਤੀ ਤੇ ਨੁਕਸਾਨੇ ਗਏ ਵਾਟਰ ਰੈਗੂਲੇਟਰ ਦੀ ਮੁਰੰਮਤ ਲਈ ਵੀਰਵਾਰ ਰਾਤ ਨੂੰ ਅਫ਼ਸਰਾਂ ਤੱਕ ਪਹੁੰਚ ਕਰਨ ਦੇ ਬਾਵਜੂਦ ‘ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।’’ ਇਸ ਦੌਰਾਨ ਉਪ ਰਾਜਪਾਲ ਨੇ ਦਿੱਲੀ ਦੇ ਮੰਤਰੀ ਵੱਲੋਂ ਜਤਾਏ ਉਜਰ ਦੇ ਜਵਾਬ ਵਿੱਚ ਕਿਹਾ, ‘‘ਇਹ ਟੀਮ ਵਰਕ ਦਾ ਸਮਾਂ ਹੈ, ੲਿਕ ਦੂਜੇ ’ਤੇ ਦੋਸ਼ ਮੜ੍ਹਨ ਦਾ ਨਹੀਂ। ਮੈਂ ਤੁਹਾਨੂੰ ਬਹੁਤ ਕੁਝ ਕਹਿ ਸਕਦਾ ਹਾਂ…ਪਰ ਇਸ ਵੇਲੇ ਇਹ ਜ਼ਰੂਰੀ ਨਹੀਂ ਹੈ।’’ ਦਿੱਲੀ ਟਰੈਫਿਕ ਪੁਲੀਸ ਨੇ ਵਿਕਾਸ ਮਾਰਗ ਉੱਤੇ ਦੋਵਾਂ ਪਾਸਿਆਂ ਤੋਂ ਆਉਂਦੀ ਟਰੈਫਿਕ ਆਵਾਜਾਈ ਬੰਦ ਕਰ ਦਿੱਤੀ ਹੈ। ਦਿੱਲੀ ਮੈਟਰੋ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਦੀ ’ਤੇ ਬਣਾਏ ਜਾਣ ਵਾਲੇ 560 ਮੀਟਰ ਲੰਮੇ ਪਹਿਲੇ ਮੈਟਰੋ ਪੁਲ ਦੇ ਨਿਰਮਾਣ ਦਾ ਕੰਮ ਰੋਕ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਫੋਨ ਕਰਕੇ ਦਿੱਲੀ ਦੇ ਹਾਲਾਤ ਬਾਰੇ ਪੁੱਛਿਆ

ਨਵੀਂ ਦਿੱਲੀ: ਫਰਾਂਸ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੋਨ ਕਰਕੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਾਰੇ ਜਾਣਕਾਰੀ ਲਈ। ਸੂਤਰਾਂ ਨੇ ਕਿਹਾ ਕਿ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਅਗਲੇ 24 ਘੰਟਿਆਂ ਵਿੱਚ ਯਮੁਨਾ ਵਿੱਚ ਪਾਣੀ ਦਾ ਪੱਧਰ ਘਟਣ ਦੇ ਆਸਾਰ ਹਨ।