ਡਾਇਨਾਮਾਈਟ ਤੋਂ ਮੈਟਾਵਰਸ ਤੱਕ ਚੁਣੌਤੀਆਂ ਖ਼ਿਲਾਫ਼ ਡਟਣ ਦੀ ਲੋੜ: ਸ਼ਾਹ

ਡਾਇਨਾਮਾਈਟ ਤੋਂ ਮੈਟਾਵਰਸ ਤੱਕ ਚੁਣੌਤੀਆਂ ਖ਼ਿਲਾਫ਼ ਡਟਣ ਦੀ ਲੋੜ: ਸ਼ਾਹ

ਆਲਮੀ ਭਾਈਚਾਰੇ ਨੂੰ ਰਵਾਇਤੀ ਹੱਦਾਂ ਤੋਂ ਪਾਰ ਜਾ ਕੇ ਕੰਮ ਕਰਨ ਲਈ ਪ੍ਰੇਰਿਆ
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਲਮੀ ਭਾਈਚਾਰੇ ਨੂੰ ਡਾਇਨਾਮਾਈਟ ਤੋਂ ਮੈਟਾਵਰਸ ਅਤੇ ਹਵਾਲਾ ਤੋਂ ਲੈ ਕੇ ਕ੍ਰਿਪਟੋਕਰੰਸੀ ਤੱਕ ਸੁਰੱਖਿਆ ਚੁਣੌਤੀਆਂ ਵਧਣ ਪ੍ਰਤੀ ਚੌਕਸ ਕੀਤਾ ਅਤੇ ਜੀ-20 ਮੁਲਕਾਂ ਨੂੰ ਰਵਾਇਤੀ ਹੱਦਾਂ ਤੋਂ ਪਾਰ ਜਾ ਕੇ ਇਨ੍ਹਾਂ ਅਪਰਾਧਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਸ਼ਾਹ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸ, ਮੈਟਾਵਰਸ ਅਤੇ ਐੱਨਐੱਫਟੀ ਦੇ ਯੁੱਗ ’ਚ ਅਪਰਾਧ ਤੇ ਸਾਈਬਰ ਕ੍ਰਾਈਮ’ ਬਾਰੇ ਜੀ-20 ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦੀਆਂ ਵੱਲੋਂ ਵਿੱਤੀ ਲੈਣ-ਦੇਣ ਲਈ ਨਵੇਂ ਢੰਗਾਂ ਤੇ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਸੁਰੱਖਿਆ ਤੰਤਰ ਤੇ ਡਿਜੀਟਲ ਢਾਂਚੇ ਲਈ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਕੁਝ ਸਮਾਜ ਵਿਰੋਧੀ ਤੱਤ ਤੇ ਆਲਮੀ ਸ਼ਕਤੀਆਂ ਆਮ ਲੋਕਾਂ ਤੇ ਸਰਕਾਰਾਂ ਨੂੰ ਸਮਾਜਿਕ ਤੇ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਤਕਨੀਕ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਜੀ-20 ਨੇ ਹੁਣ ਤੱਕ ਆਰਥਿਕ ਨਜ਼ਰੀਏ ਤੋਂ ਡਿਜੀਟਲ ਤਬਦੀਲੀ ਤੇ ਡੇਟਾ ਪ੍ਰਵਾਹ ’ਤੇ ਧਿਆਨ ਕੇਂਦਰਿਤ ਕੀਤਾ ਹੈ ਪਰ ਹੁਣ ਅਪਰਾਧ ਤੇ ਸੁਰੱਖਿਆ ਪਹਿਲੂਆਂ ਨੂੰ ਸਮਝਣਾ ਤੇ ਹੱਲ ਲੱਭਣਾ ਵਧੇਰੇ ਮਹੱਤਵਪੂਰਨ ਹੋ ਗਿਆ ਹੈ।’ ਸ਼ਾਹ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕੌਮੀ ਪੱਧਰ ’ਤੇ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਇਹ ਕੌਮੀ ਸੁਰੱਖਿਆ, ਕਾਨੂੰਨ ਪ੍ਰਬੰਧ ਤੇ ਅਰਥਚਾਰੇ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਅਪਰਾਧਾਂ ਨੂੰ ਰੋਕਣਾ ਹੈ ਤਾਂ ਸਾਰਿਆਂ ਨੂੰ ਰਵਾਇਤੀ ਭੂਗੋਲਿਕ ਹੱਦਾਂ ਤੋਂ ਉੱਪਰ ਉੱਠ ਕੇ ਸੋਚਣਾ ਤੇ ਕੰਮ ਕਰਨਾ ਪਵੇਗਾ।