ਏਸ਼ਿਆਈ ਅਥਲੈਟਿਕਸ: ਭਾਰਤ ਨੇ ਦੂਜੇ ਦਿਨ ਤਿੰਨ ਸੋਨ ਤਗ਼ਮੇ ਜਿੱਤੇ

ਏਸ਼ਿਆਈ ਅਥਲੈਟਿਕਸ: ਭਾਰਤ ਨੇ ਦੂਜੇ ਦਿਨ ਤਿੰਨ ਸੋਨ ਤਗ਼ਮੇ ਜਿੱਤੇ

ਜਯੋਤੀ, ਅਜੈ ਅਤੇ ਅਬੂਬੱਕਰ ਨੇ ਦੇਸ਼ ਨੂੰ ਸੋਨ ਤਗ਼ਮੇ ਦਿਵਾਏ; ਐਸ਼ਵਰਿਆ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਬੈਂਕਾਕ- ਭਾਰਤ ਨੇ ੲਿੱਥੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਅੱਜ ਦੂਜੇ ਦਿਨ ਤਿੰਨ ਸੋਨ ਤਗ਼ਮੇ ਜਿੱਤੇ। ਜਯੋਤੀ ਯਰੱਜੀ ਨੇ ਇੱਥੇ ਔਰਤਾਂ ਦੀ 100 ਮੀਟਰ ਅੜਿੱਕਾ ਦੌੌੜ ’ਚ ਜਿੱਤ ਹਾਸਲ ਕਰਦਿਆਂ ਚੈਂਪੀਅਨਸ਼ਿਪ ਵਿੱਚ ਦੇਸ਼ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ। ਉਸ ਨੇ ਪਹਿਲੀ ਵਾਰ ਕਿਸੇ ਵੱਡੇ ਕੌਮਾਂਤਰੀ ਟੂਰਨਾਮੈਂਟ ’ਚ ਸੋਨ ਤਗ਼ਮਾ ਜਿੱਤਿਆ ਹੈ। ਅਜੈ ਕੁਮਾਰ ਸਰੋਜ ਨੇ ਪੁਰਸ਼ਾਂ ਦੀ 1500 ਮੀਟਰ ਦੌੜ ’ਚ ਜਿੱਤ ਹਾਸਲ ਕਰਦਿਆਂ ਭਾਰਤ ਲਈ ਦੂਜਾ ਸੋਨ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅਬਦੁੱਲਾ ਅਬੂਬੱਕਰ ਨੇ ਪੁਰਸ਼ਾਂ ਦੀ ਤੀਹਰੀ ਛਾਲ ਮੁਕਾਬਲੇ ’ਚ ਜਿੱਤ ਨਾਲ ਦੇਸ਼ ਲਈ ਅੱਜ ਤੀਜਾ ਸੋਨ ਤਗ਼ਮਾ ਜਿੱਤਿਆ। ਅੱਜ ਮੁਕਾਬਲਿਆਂ ’ਚ 10 ਤਗ਼ਮੇ ਦਾਅ ’ਤੇ ਸਨ ਜਿਨ੍ਹਾਂ ਵਿੱਚੋਂ ਭਾਰਤੀ ਖਿਡਾਰੀਆਂ ਨੇ ਤਿੰਨ ਸੋਨ ਤਗ਼ਮੇ ਜਿੱਤੇ। ਇਸ ਤੋਂ ਇਲਾਵਾ ਐਸ਼ਵਰਿਆ ਮਿਸ਼ਰਾ ਨੇ ਔਰਤਾਂ ਦੀ 400 ਮੀਟਰ ਦੌੜ ’ਚ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ। ਜਯੋਤੀ ਯਰੱਜੀ ਨੇ 100 ਮੀਟਰ ਅੜਿੱਕਾ ਦੌੜ ਦੇ ਫਾਈਨਲ ’ਚ 13.09 ਸਕਿੰਟਾਂ ਦਾ ਸਮਾਂ ਕੱਢਦਿਆਂ ਜਿੱਤ ਹਾਸਲ ਕੀਤੀ ਜਦਕਿ ਜਪਾਨ ਦੀਆਂ ਤੇਰਾਦਾ ਅਸ਼ੁਕਾ 13.13 ਸਕਿੰਟ ਅਤੇ ਏਓਕੀ ਮਾਸੁਮੀ 13.26 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕਰਕੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਯਰੱਜੀ ਦਾ ੲਿਸ ਦੌੜ ’ਚ ਕੌਮੀ ਰਿਕਾਰਡ 12.82 ਸਕਿੰਟਾਂ ਦਾ ਹੈ। ਅਜੈ ਕੁਮਾਰ ਸਰੋਜ ਨੇ ਪੁਰਸ਼ਾਂ ਦੀ 1500 ਮੀਟਰ ਦੌੜ 3 ਘੰਟੇ 41 ਮਿੰਟ ਅਤੇ 51 ਸਕਿੰਟਾਂ ਦੇ ਸਮੇਂ ’ਚ ਪੂਰੀ ਕੀਤੀ। ਇਹ ਸਮਾਂ ਉਸ ਵਿਅਕਤੀਗਤ ਸਰਵੋਤਮ ਸਮੇਂ 3 ਘੰਟੇ 39 ਮਿੰਟ ਅਤੇ 19 ਸਕਿੰਟਾਂ ਤੋਂ ਢਾਈ ਸਕਿੰਟ ਵੱਧ ਹੈ। ਤੀਹਰੀ ਛਾਲ ’ਚ ਅਬਦੁੱਲਾ ਅਬੂਬੱਕਰ ਨਾਰੰਗਲੀਵੇਂਟਿਡ ਨੇ 16.92 ਮੀਟਰ ਛਾਲ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਜਪਾਨ ਦਾ ਇਕੇਹਾਤ ਹਿਕਾਰੂ (16.73 ਮੀਟਰ) ਦੂਜੇ ਤੇ ਕੋਰੀਆ ਦਾ ਜਾਂਗਵੂ ਕਿਮ (16.59 ਮੀਟਰ) ਤੀਜੇ ਸਥਾਨ ’ਤੇ ਰਹੇ। ਬੁੱਧਵਾਰ ਨੂੰ ਅਭਿਸ਼ੇਕ ਪਾਲ ਨੇ ਪੁਰਸ਼ਾਂ ਦੀ 10 ਹਜ਼ਾਰ ਮੀਟਰ ਦੌੜ ’ਚ ਕਾਂਸੀ ਦੇ ਤਗ਼ਮੇ ਨਾਲ ਭਾਰਤ ਦਾ ਖਾਤਾ ਖੋਲ੍ਹਿਆ ਸੀ।