ਮਨਾਲੀ ’ਚ ਪੀਆਰਟੀਸੀ ਦੀ ਬੱਸ ਲਾਪਤਾ; ਡਰਾਈਵਰ ਦੀ ਲਾਸ਼ ਮਿਲੀ

ਮਨਾਲੀ ’ਚ ਪੀਆਰਟੀਸੀ ਦੀ ਬੱਸ ਲਾਪਤਾ; ਡਰਾਈਵਰ ਦੀ ਲਾਸ਼ ਮਿਲੀ

ਪੀਆਰਟੀਸੀ ਦੀ ਟੀਮ ਵੱਲੋਂ ਹਿਮਾਚਲ ਵਿੱਚ ਕੰਡਕਟਰ ਦੀ ਭਾਲ ਜਾਰੀ
ਪਟਿਆਲਾ- ਪਿਛਲੇ ਹਫ਼ਤੇ ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਇੱੱਕ ਬੱਸ ਛੇ ਦਿਨਾਂ ਤੋਂ ਭੇਤਭਰੀ ਹਾਲਤ ਵਿਚ ਲਾਪਤਾ ਹੈ। ਇਸ ਬੱਸ ਦੇ ਬਿਆਸ ਦਰਿਆ ਵਿੱਚ ਰੁੜ੍ਹਨ ਦਾ ਖਦਸ਼ਾ ਹੈ। ਹਾਲਾਂਕਿ ਪਟਿਆਲਾ ਤੋਂ ਪੀਆਰਟੀਸੀ ਦੇ ਅਧਿਕਾਰੀਆਂ ਦੀ ਇੱਕ ਟੀਮ ਇਸ ਦੀ ਭਾਲ ਲਈ ਭੇਜੀ ਗਈ ਹੈ। ਇਸ ਟੀਮ ਨੂੰ ਅੱਜ ਬੱਸ ਦੇ ਡਰਾਈਵਰ ਦੀ ਲਾਸ਼ ਮਿਲ ਗਈ ਹੈ ਪਰ ਕੰਡਕਟਰ ਦਾ ਅਜੇ ਵੀ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੀਆਰਟੀਸੀ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਹੀ ਅੱਠ ਜੁਲਾਈ ਦੀ ਸਵੇਰ ਨੂੰ ਸਵਾਰੀਆਂ ਲੈ ਕੇ ਮਨਾਲੀ ਗਈ ਚੰਡੀਗੜ੍ਹ ਡਿੱਪੂ ਦੀ ਇਹ ਬੱਸ (ਨੰਬਰ ਪੀਬੀ 65 ਬੀਬੀ 4894) ਸਵਾਰੀਆਂ ਉਤਾਰਨ ਉਪਰੰਤ ਸ਼ਾਮ ਨੂੰ ਉਥੇ ਹੀ ਪਾਰਕਿੰਗ ਵਿਚ ਖੜ੍ਹਾ ਦਿੱਤੀ ਗਈ ਸੀ। ਇਸ ਦੌਰਾਨ ਡਰਾਈਵਰ ਤੇ ਕੰਡਕਟਰ ਬੱੱਸ ਵਿਚ ਹੀ ਪੈ ਗਏ। ਉਥੇ ਹੀ ਭਾਰੀ ਮੀਂਹ ਪੈਣ ਕਾਰਨ ਪਾਰਕਿੰਗ ਵਾਲਾ ਸਾਰਾ ਹਿੱਸਾ ਪਾਣੀ ਵਿਚ ਰੁੜ੍ਹ ਗਿਆ ਤੇ ਇਹ ਬੱਸ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਮ੍ਰਿਤਕ ਡਰਾਈਵਰ ਸਤਗੁਰ ਸਿੰਘ ਪਾਤੜਾਂ ਨੇੜੇ ਸਥਿਤ ਪਿੰਡ ਰਾਏਧਰਾਣਾ ਦਾ ਰਹਿਣ ਵਾਲਾ ਸੀ। ਇਸ ਬੱਸ ਦਾ ਕੰਡਕਟਰ ਜਗਸੀਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀਵਰਨਾ ਦਾ ਰਹਿਣ ਵਾਲਾ ਹੈ, ਜਿਸ ਬਾਰੇ ਅੱਜ ਛੇਵੇਂ ਦਿਨ ਵੀ ਕੁਝ ਪਤਾ ਨਹੀਂ ਲੱਗ ਸਕਿਆ।
ਬੱਸ ਡਰਾਈਵਰ ਦੇ ਪਿੰਡ ਮਾਤਮ ਛਾਇਆ

ਲਹਿਰਾਗਾਗਾ : ਮਨਾਲੀ ਵਿੱਚ ਹੜ੍ਹ ਦੌਰਾਨ ਪੀਆਰਟੀਸੀ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਪਿੰਡ ਰਾਏਧਰਾਣਾ ਵਿੱਚ ਮਾਤਮ ਛਾ ਗਿਆ ਹੈ। ਉਸ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਦੱਸਿਆ ਕਿ ਉਹ 9 ਜੁਲਾਈ ਤੋਂ ਪੀਆਰਟੀਸੀ ਦੇ ਅਧਿਕਾਰੀਆਂ ਤੋਂ ਫੋਨ ਕਰ ਕੇ ਆਪਣੇ ਪਤੀ ਬਾਰੇ ਜਾਣਕਾਰੀ ਮੰਗ ਰਹੀ ਸੀ ਪਰ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਬੀਤੀ ਸ਼ਾਮ ਸਤਗੁਰ ਸਿੰਘ ਦੀ ਦਰਿਆ ’ਚੋਂ ਲਾਸ਼ ਮਿਲਣ ਦੀ ਖ਼ਬਰ ਨਸ਼ਰ ਹੋਣ ਪਿੱਛੋਂ ਹੀ ਪਰਿਵਾਰ ਨੂੰ ਇ ਦੁਖਦਾਈ ਖ਼ਬਰ ਦਾ ਪਤਾ ਲੱਗਿਆ ਹੈ। ਪੀਆਰਟੀਸੀ ਦੇ ਸੇਵਾਮੁਕਤ ਪਿੰਡ ਵਾਸੀ ਮੱਘਰ ਸਿੰਘ ਅਤੇ ਮਦਨ ਕਲੇਰ ਸਮੇਤ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਤਗੁਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।