ਜਾਨ ਖਤਰੇ ਵਿੱਚ ਪਾ ਕੇ ਬਿਜਲੀ ਸਪਲਾਈ ਦੀ ਬਹਾਲੀ ’ਚ ਜੁਟੇ ਮੁਲਾਜ਼ਮ

ਜਾਨ ਖਤਰੇ ਵਿੱਚ ਪਾ ਕੇ ਬਿਜਲੀ ਸਪਲਾਈ ਦੀ ਬਹਾਲੀ ’ਚ ਜੁਟੇ ਮੁਲਾਜ਼ਮ

ਰੂਪਨਗਰ/ਘਨੌਲੀ : ਪਿਛਲੇ ਦਿਨੀਂ ਲਗਾਤਾਰ ਮੀਂਹ ਪੈਣ ਕਾਰਨ ਪ੍ਰਭਾਵਿਤ ਹੋਏ ਬਿਜਲੀ ਦੇ ਫੀਡਰਾਂ ਨੂੰ ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਸਖ਼ਤ ਮਿਹਨਤ ਕਰ ਕੇ ਮੁੜ ਚਾਲੂ ਕੀਤਾ ਜਾ ਰਿਹਾ ਹੈ। ਅੱਜ ਸੋਸ਼ਲ ਮੀਡੀਆ ’ਤੇ ਰੂਪਨਗਰ ਜ਼ਿਲ੍ਹੇ ਦੇ ਇੱਕ ਸਹਾਇਕ ਲਾਈਨਮੈਨ ਦੀ ਵੀਡੀਓ ਚਰਚਾ ਵਿੱਚ ਰਹੀ। ਇਸ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਸਹਾਇਕ ਲਾਈਨਮੈਨ ਦਵਿੰਦਰ ਸਿੰਘ ਸ਼ੇਖੂਪੁਰ ਹੜ੍ਹ ਦੇ ਪਾਣੀ ਵਿੱਚ ਡੁੱਬੇ ਟਰਾਂਸਫਾਰਮਰ ਦਾ ਸਵਿੱਚ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪਾਣੀ ਉਸ ਦੀ ਗਰਦਨ ਤੱਕ ਪਹੁੰਚ ਜਾਂਦਾ ਹੈ। ਉਧਰ ਪੰਜਾਬ ਅੰਦਰ ਬਿਜਲੀ ਦੀ ਮੰਗ ਵਧਣ ਉਪਰੰਤ ਪਾਵਰਕੌਮ ਮੈਨੇਜਮੈਂਟ ਨੇ ਲਹਿਰਾ ਮੁਹੱਬਤ ਦੇ 2 ਯੂਨਿਟ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ ਇੱਕ ਯੂਨਿਟ ਚਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਲਹਿਰਾ ਮੁਹੱਬਤ ਦੇ 1 ਨੰਬਰ ਅਤੇ 3 ਨੰਬਰ ਦੇ ਯੂਨਿਟਾਂ ਦਾ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ, ਜਦਕਿ ਥਰਮਲ ਪਲਾਂਟ ਰੂਪਨਗਰ ਦੇ 6 ਨੰਬਰ ਯੂਨਿਟ ਨੂੰ ਵੀ ਲਾਈਟਅੱਪ ਕਰ ਦਿੱਤਾ ਗਿਆ।