ਹੜ੍ਹ ਪੀੜਤਾਂ ਤੱਕ ਨਹੀਂ ਪਹੁੰਚ ਰਹੀ ਸਰਕਾਰੀ ਮਦਦ: ਸੁਖਬੀਰ

ਹੜ੍ਹ ਪੀੜਤਾਂ ਤੱਕ ਨਹੀਂ ਪਹੁੰਚ ਰਹੀ ਸਰਕਾਰੀ ਮਦਦ: ਸੁਖਬੀਰ

ਅਕਾਲੀ ਦਲ ਪ੍ਰਧਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ; ਲੋਕਾਂ ਦੀ ਮਦਦ ਲਈ ਮੋਰਚਾ ਸੰਭਾਲਣ ਦਾ ਐਲਾਨ
ਪਟਿਆਲਾ/ਦੇਵੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਕਰਨ ’ਚ ਨਾਕਾਮ ਸਾਬਤ ਹੋਈ ਹੈ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹੁਣ ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਨਗੇ। ਸੁਖਬੀਰ ਬਾਦਲ ਨੇ ਅੱਜ ਪਟਿਆਲਾ ਦੇ ਹੜ੍ਹ ਪੀੜਤ ਪਿੰਡਾਂ ਤੇ ਸ਼ਹਿਰੀ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਪਟਿਆਲਾ ਦੇ ਡੀਸੀ ਸਾਕਸ਼ੀ ਸਾਹਨੀ ਨਾਲ ਫ਼ੋਨ ’ਤੇ ਗੱਲ ਕਰਕੇ ਪੀੜਤਾਂ ਦੀ ਹਰ ਪੱਖੋਂ ਮਦਦ ਕਰਨ ਲਈ ਕਿਹਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਮਦਦ ਭੇਜੀ ਜਾ ਰਹੀ ਹੈ, ਜੇਕਰ ਪੰਜਾਬ ਸਰਕਾਰ ਨੇ ਲੋਕਾਂ ਦੀ ਸਾਰ ਨਾ ਲਈ ਤਾਂ ਉਹ ਖ਼ੁਦ ਪਿੰਡਾਂ-ਸ਼ਹਿਰਾਂ ਵਿੱਚ ਮਦਦ ਲਈ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਉਹ ਘਨੌਰ ਤੇ ਰਾਜਪੁਰਾ ਇਲਾਕੇ ਦਾ ਦੌਰਾ ਕਰਕੇ ਆਏ ਹਨ, ਜਿੱਥੇ ਲੋਕਾਂ ਦਾ ਬੁਰਾ ਹਾਲ ਹੈ। ਕਈ ਘਰਾਂ ਵਿੱਚ ਰੋਟੀ ਤੱਕ ਨਹੀਂ ਪੱਕੀ ਤੇ ਸਰਕਾਰ ਵੱਲੋਂ ਇਨ੍ਹਾਂ ਖੇਤਰਾਂਂ ਵਿੱਚ ਕੋਈ ਮਦਦ ਨਹੀਂ ਭੇਜੀ ਗਈ। ਸੁਖਬੀਰ ਬਾਦਲ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਤੱਕ ਪੁੱਜਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਹੜ੍ਹ ਪੀੜਤ ਇਲਾਕਿਆਂ ਵਿੱਚ ਮਦਦ ਲਈ ਭੇਜ ਰਹੇ ਹਨ। ਸੁਖਬੀਰ ਨੇ ਇਸ ਮੌਕੇ ਹਲਕਾ ਸਨੌਰ ਦੇ ਹੜ੍ਹ ਪ੍ਰਭਾਵਿਤ ਮੀਰਾਂਪੁਰ ਚੋਆ, ਫਰਾਂਸਵਾਲਾ, ਅਕਬਰਪੁਰ ਤੇ ਰੋਹੜ ਜਗੀਰ ਆਦਿ ਪਿੰਡਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਦੇ ਘਰ ਮੀਂਹ ਕਾਰਨ ਨੁਕਸਾਨੇ ਗਏ ਹਨ, ਉਨ੍ਹਾਂ ਨੂੰ 5-5 ਲੱਖ ਰੁਪਏ ਅਤੇ ਨੁਕਸਾਨੀਆਂ ਫ਼ਸਲਾਂ ਲਈ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਡਕਾਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਨਵਾਂ ਗਾਓਂ ਇਲਾਕੇ ਦਾ ਦੌਰਾ ਵੀ ਕੀਤਾ। ਹੜ੍ਹ ਕਾਰਨ ਹੋਏ ਨੁਕਸਾਨ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਦੋਸ਼ੀ ਦੱਸਦਿਆਂ ਕਿਹਾ ਕਿ ਸਮੇਂ ਸਿਰ ਡਰੇਨੇਜ ਤੇ ਹੋਰ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਕਰਵਾਏ ਜਾਣ ਕਾਰਨ ਲੋਕਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਅਫਰਸ਼ਾਹੀ ਨੂੰ ਸੱਦਾ ਦਿੱਤਾ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਡੱਟ ਕੇ ਅੱਗੇ ਆਉਣ।