ਵਿੰਬਲਡਨ: ਨੋਵਾਕ ਜੋਕੋਵਿਚ ਤੇ ਐਰਿਨਾ ਸਬਾਲੇਂਕਾ ਅੰਤਿਮ ਚਾਰ ’ਚ

ਵਿੰਬਲਡਨ: ਨੋਵਾਕ ਜੋਕੋਵਿਚ ਤੇ ਐਰਿਨਾ ਸਬਾਲੇਂਕਾ ਅੰਤਿਮ ਚਾਰ ’ਚ

ਵਿੰਬਲਡਨ- ਵਿਸ਼ਵ ਦਾ ਨੰਬਰ ਦੋ ਖਿਡਾਰੀ ਨੋਵਾਕ ਜੋਕੋਵਿਚ ਕੁਆਰਟਰ ਫਾਈਨਲ ’ਚ ਐਂਡਰੇ ਰੁਬਲੇਵ ਨੂੰ 4-6, 6-1, 6-4, 6-3 ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚ ਗਿਆ ਹੈ। ਇਸ ਜਿੱਤ ਨਾਲ ਜੋਕੋਵਿਚ ਨੇ ਰੋਜਰ ਫੈਡਰਰ ਦੇ 46 ਗ੍ਰੈਂਡ ਸਲੈਮ ਸੈਮੀਫਾਈਨਲ ’ਚ ਪਹੁੰਚਣ ਦੀ ਬਰਾਬਰੀ ਕਰ ਲਈ ਹੈ। ਇਸੇ ਦੌਰਾਨ ਐਰਿਨਾ ਸਬਾਲੇਂਕਾ ਅੱਜ ਇਥੇ ਮੈਡੀਸਨ ਕੀਜ਼ ਖਿਲਾਫ਼ ਸਿੱਧੇ ਸੈੱਟਾਂ ਵਿੱਚ ਜਿੱਤ ਨਾਲ ਲਗਾਤਾਰ ਦੂਜੀ ਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ।
ਸਰਬੀਆ ਦਾ ਜੋਕੋਵਿਚ ਪਹਿਲੇ ਸੈੱਟ ’ਚ ਰੁਬਲੇਵ ਤੋਂ ਪੱਛੜ ਗਿਆ ਸੀ ਪਰ ਅਗਲੇ ਤਿੰਨ ਸੈੱਟ ਜਿੱਤ ਕੇ ਉਸ ਨੇ ਆਪਣੀ ਬਾਦਸ਼ਾਹਤ ਕਾਇਮ ਕਰ ਲਈ। ਉਸ ਦਾ ਅਗਲਾ ਮੁਕਾਬਲਾ ਅੱਠਵਾਂ ਦਰਜਾ ਪ੍ਰਾਪਤ ਜੈਨਿਕ ਸਿਨਰ ਨਾਲ ਹੋਵੇਗਾ ਜੋ ਰੋਮਨ ਸੈਫੂਲਿਨ ਨੂੰ 6-4, 3-6, 6-2, 6-2 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪੁੱਜਾ ਹੈ। ਜੋਕੋਵਿਚ ਨੇ ਇਟਲੀ ਦੇ ਸਿਨਰ ਖ਼ਿਲਾਫ਼ ਪਹਿਲਾਂ ਹੋਏ ਸਾਰੇ ਮੁਕਾਬਲੇ ਜਿੱਤੇ ਹਨ। ਇਸ ’ਚ ਪਿਛਲੇ ਸਾਲ ਵਿੰਬਲਡਨ ਦੇ ਕੁਆਰਟਰ ਫਾਈਨਲ ਦਾ ਮੁਕਾਬਲਾ ਵੀ ਸ਼ਾਮਲ ਹੈ ਜਦੋਂ ਜੋਕੋਵਿਚ ਨੇ ਪਹਿਲੇ ਦੋ ਸੈੱਟ ਗੁਆਉਣ ਮਗਰੋਂ ਪੰਜ ਸੈੱਟਾਂ ਤੱਕ ਚੱਲੇ ਮੁਕਾਬਲੇ ’ਚ ਜਿੱਤ ਹਾਸਲ ਕੀਤੀ ਸੀ। ਸਿਨਰ ਨੇ ਕਿਹਾ ਕਿ ਸੈਮੀਫਾਈਨਲ ਸਖ਼ਤ ਮੁਕਾਬਲਾ ਹੋਵੇਗਾ। ਜੋਕੋਵਿਚ ਨੇ ਕਿਹਾ ਕਿ ਦਬਾਅ ਖੇਡ ਦਾ ਹਿੱਸਾ ਹੈ ਅਤੇ ਜਿੰਨੇ ਮਰਜ਼ੀ ਮੁਕਾਬਲੇ ਜਾਂ ਗ੍ਰੈੱਡ ਸਲੈਮ ਜਿੱਤ ਲਵੋ ਪਰ ਕਿਸੇ ਵੀ ਮੈਚ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ ਹੈ।
ਐਰਿਨਾ ਸਬਾਲੇਂਕਾ ਅੱਜ ਇਥੇ ਮੈਡੀਸਨ ਕੀਜ਼ ਖਿਲਾਫ਼ ਸਿੱਧੇ ਸੈੱਟਾਂ ਵਿੱਚ ਜਿੱਤ ਨਾਲ ਲਗਾਤਾਰ ਦੂਜੀ ਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ। ਬੇਲਾਰੂਸ ਦੀ ਦੂਜਾ ਦਰਜਾ ਸਬਾਲੇਂਕਾ 2021 ਵਿੱਚ ਵੀ ਸੈਮੀਫਾਈਨਲ ਗੇੜ ਵਿਚ ਪਹੁੰਚੀ ਸੀ ਜਦੋਂਕਿ ਪਿਛਲੇ ਸਾਲ ਉਸ ’ਤੇ ਪਾਬੰਦੀ ਲੱਗੀ ਹੋਈ ਸੀ। ਯੂਕਰੇਨ ਜੰਗ ਕਰਕੇ ਪਿਛਲੇ ਸਾਲ ਬੇਲਾਰੂਸ ਤੇ ਰੂਸੀ ਖਿਡਾਰੀਆਂ ਨੂੰ ਮੁਕਾਬਲੇ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸਬਾਲੇਂਕਾ ਨੇ ਕੀਜ਼ ਨੂੰ 6-2, 6-4 ਨਾਲ ਹਰਾਇਆ ਤੇ ਆਖਰੀ ਚਾਰ ਦੇ ਗੇੜ ਵਿੱਚ ਦਾਖ਼ਲ ਹੋ ਗਈ। ਸਬਾਲੇਂਕਾ ਨੇ ਕਿਹਾ, ‘‘ਸੈਮੀਫਾਈਨਲ ਵਿੱਚ ਇਕ ਵਾਰ ਮੁੜ ਥਾਂ ਬਣਾ ਕੇ ਸ਼ਾਨਦਾਰ ਮਹਿਸੂਸ ਹੋ ਰਿਹਾ ਹੈ। ਮੈਂ ਵਿੰਬਲਡਨ ਦਾ ਆਪਣਾ ਦੂਜਾ ਸੈਮੀਫਾਈਨਲ ਖੇਡਣ ਲਈ ਹੋਰ ਉਡੀਕ ਨਹੀਂ ਕਰ ਸਕਦੀ।’’ ੲਿਸ ਦੌਰਾਨ ਬ੍ਰਿਟੇਨ ਦੀ ਰਾਣੀ ਕੈਮਿਲਾ ਨੇ ਰੌਇਲ ਬਾਕਸ ਵਿੱਚ ਬੈਠ ਕੇ ਮੈਚ ਦਾ ਆਨੰਦ ਲਿਆ।