ਟੈਸਲਾ ਕਾਰਾਂ ਨੂੰ ਹੀ ਅੱਗਾਂ ਕਿਉਂ ਲੱਗਦੀਆਂ ਨੇ?

ਟੈਸਲਾ ਕਾਰਾਂ ਨੂੰ ਹੀ ਅੱਗਾਂ ਕਿਉਂ ਲੱਗਦੀਆਂ ਨੇ?

ਨਿਊਯਾਰਕ- ਟੈਸਲਾ ਕਾਰ ਜਿਹੜੀ ਕਿ ਇੱਕ ਬੈਟਰੀਆਂ ‘ਤੇ ਚੱਲਣ ਵਾਲੀ ਬੜੀ ਹਰਮਨ ਪਿਆਰੀ ਕਾਰ ਹੈ ਪਰ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਦੌਰਾਨ ਇਹ ਕਾਰਾਂ ਅੱਗ ਦੇ ਗੋਲੇ ਬਣ ਰਹੀਆਂ ਹਨ, ਇਹ ਸਾਰੇ ਇਲੈਕਟ੍ਰਕ ਕਾਰ ਲਵਰਜ਼ ਲਈ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ। ਪਿਛਲੇ ਦਿਨੀਂ ਬੇਏਰੀਏ ਦੇ ਸ਼ਹਿਰ ਸੈਂਟਾਕਲਾਰਾ ਵਿਖੇ ਸੜਕ ‘ਤੇ ਜਾ ਰਹੀ ਇੱਕ ਟੈਸਲਾ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਵਿੱਚੋਂ ਬਾਰਾਂ ਸਾਲ ਦੀ ਬੱਚੀ ਤੇ ਉਸਦੀ ਮਾਤਾ ਮਸਾਂ ਹੀ ਬਚਕੇ ਬਾਹਰ ਨਿਕਲੀਆਂ। ਜਾਣਕਾਰੀ ਮੁਤਾਬਕ ਜਦੋਂ ਕਾਰ ਸੜਕ ‘ਤੇ ਜਾ ਰਹੀ ਸੀ ਤਾਂ ਅਚਾਨਕ ਕਾਰ ਵਿੱਚੋਂ ਅਜੀਬ ਜਿਹੀ ਅਵਾਜ਼ ਆਉਣ ਲੱਗੀ ਅਤੇ ਕਾਰ ਵਿੱਚੋਂ ਇੱਕ ਵੱਖਰੀ ਜਿਹੀ ਸਮੈੱਲ ਆਉਣ ਲੱਗੀ। ਮਾਂਵਾਂ ਧੀਆਂ ਨੇ ਗੱਡੀ ਰੋਕੀ ਅਤੇ ਗੱਡੀ ਵਿੱਚੋਂ ਬਾਹਰ ਉੱਤਰ ਕੇ ਗੱਡੀ ਚੈੱਕ ਕਰਨ ਲਗੀਆਂ। ਉਸੇ ਦੌਰਾਨ ਹੀ ਗੱਡੀ ਨੂੰ ਅੱਗ ਲੱਗ ਗਈ ਅਤੇ ਸਕਿੰਟਾਂ ਵਿੱਚ ਟੈਸਲਾ ਕਾਰ ਸੜਕੇ ਸਵਾਹ ਹੋ ਗਈ।

ਇਸੇ ਤਰਾਂ ਦੀ ਇੱਕ ਘਟਨਾ ਸੈਕਰਮੈਂਟੋ ਦੇ ਭੈਣ-ਭਰਾ ਨਾਲ ਹਾਈਵੇਅ 99 ਤੇ ਵਾਪਰੀ, ਤੇ ਓਹ ਵੀ ਵਾਲ-ਵਾਲ ਬਚ ਗਏ। ਉਸ ਕਾਰ ਦੀਆਂ ਬੈਟਰੀਆਂ ਵਿੱਚ ਪੈਂਦੇ ਧਮਾਕਿਆਂ ਅਤੇ ਅੱਗ ਦੀਆਂ ਲਪਟਾਂ ਵਿੱਚ ਘਿਰੀ ਕਾਰ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਬੜੀ ਵਾਇਰਲ ਹੋਈ ਸੀ।

ਪਿੱਛੇ ਜਿਹੇ ਇੱਕ ਘਟਨਾਂ ਟੈਕਸਾਸ ਦੇ ਆਸਟਿਨ ਸ਼ਹਿਰ ਵਿੱਚ ਵਾਪਰੀ ਜਿੱਥੇ ਇੱਕ ਟੈਸਲਾ ਕਾਰ ਇੱਕ ਖੰਭੇ ਨਾਲ ਟਕਰਾਉਣ ਤੋਂ ਬਾਅਦ ਸੜਕੇ ਸਵਾਹ ਹੋ ਗਈ। ਲੱਕਲੀ ਟੀਨਏਜਰ ਬੁਆਏ ਬਚ ਗਿਆ ਸੀ। ਇਸ ਕਾਰ ਦੀ ਅੱਗ ਬੁਝਾਉਣ ਲਈ ਚਾਰ ਫਾਇਰ ਇੰਜਣਾਂ ਨੇ ਤਕਰੀਬਨ 45 ਮਿੰਟ ਜਦੋਜਹਿਦ ਕੀਤੀ।

ਟੈਸਲਾ ਕਾਰਾਂ ਨੂੰ ਅੱਗ ਲੱਗਣ ਦਾ ਕਿੱਸਾ ਇੱਥੇ ਖਤਮ ਨਹੀਂ ਹੋਇਆ, ਕੁਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਟਰੇਸੀ ਸ਼ਹਿਰ ਵਿੱਚ ਇੱਕ ਟੈਸਲਾ ਕਾਰ ਨੂੰ ਦੁਰਘਟਨਾ ਉਪਰੰਤ ਅੱਗ ਲੱਗ ਗਈ ਅਤੇ ਇਸ ਵਿੱਚ ਸਵਾਰ ਅਰਵਿੰਦ ਰਾਮ ਅਤੇ ਅਮਰੀਕ ਸਿੰਘ ਪਹਿਲਾਂ ਵਾਲੇ ਪੀੜਤਾਂ ਜਿੰਨੇ ਖ਼ੁਸ਼ਕਿਸਮਤ ਨਹੀ ਸਨ ਅਤੇ ਟੈਸਲਾ ਕਾਰ ਦੀ ਅੱਗ ਵਿੱਚ ਸੜਕੇ ਦੋਵੇਂ ਨੌਜਵਾਨ ਮੌਤ ਦੇ ਮੂੰਹ ਜਾ ਪਏ। ਸਵ. ਅਮਰੀਕ ਸਿੰਘ ਜਿਹੜਾ ਕਿ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਹਿਬ ਦੇ ਪਿੰਡ ਵਾਂਦਰ ਜਟਾਣਾ ਦਾ ਰਹਿਣ ਵਾਲਾ ਸੀ। ਇਹ ਪੈਂਤੀ ਸਾਲਾ ਚੋਬਰ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਕਿੱਤੇ ਦੇ ਤੌਰ ‘ਤੇ ਇੰਜਨੀਅਰ ਸੀ। ਪੰਜਾਬ ਤੋਂ ਇਸ ਨੌਜਵਾਨ ਨੇ ਭਾਈ ਮਹਾਂ ਸਿੰਘ ਕਾਲਜ ਮੁਕਤਸਰ ਸਹਿਬ ਤੋਂ ਇੰਜਨੀਅਰਿੰਗ ਕੀਤੀ ਹੋਈ ਸੀ ਅਤੇ ਅਮਰੀਕਾ ਵਿੱਚ ਨਾਮੀ ਬੈਂਕ ਵੈਲਸਫਾਰਗੋ ਵਿੱਚ ਬਤੌਰ ਸੀਨੀਅਰ ਵਿਬ-ਡਵੈਲਪਰ ਸੇਵਾਵਾ ਨਿਭਾ ਰਿਹਾ ਸੀ।

ਇਹ ਨੌਜਵਾਨ ਸਿਟੀ ਆਫ ਟਰੇਸੀ ਦੀ ਰਾਜਨੀਤੀ ਵਿੱਚ ਵੀ ਕਾਫੀ ਸਰਗਰਮ ਰਹਿੰਦਾ ਸੀ। ਹਸਮੁਖ ਸੁਭਾਅ ਦਾ ਮਾਲਕ ਸਵ. ਅਮਰੀਕ ਸਿੰਘ ਹਰ ਵਕਤ ਨਿਸਕਾਮ ਸੇਵਾ ਜ਼ਰੀਏ ਭਾਈਚਾਰੇ ਦੇ ਕੰਮ ਆਉਣ ਨੂੰ ਤੱਤਪਰ ਰਹਿੰਦਾ ਸੀ। ਰੀਅਲ ਸਟੇਟ ਦਾ ਲਾਇਸੰਸ ਹੋਣ ਦੇ ਬਾਵਜੂਦ ਇਹ ਧੰਦਾ ਉਸਨੇ ਇਸ ਲਈ ਨਹੀਂ ਅਪਣਾਇਆ ਕਿ ਕੱਲ ਨੂੰ ਕੋਈ ਉਸਨੂੰ ਇਹ ਨਾ ਕਹਿ ਸਕੇ ਕਿ ਇਸ ਧੰਦੇ ਦਾ ਲਾਹਾ ਇਸਨੇ ਆਪਣੇ ਰਾਜਨੀਤਕ ਜੀਵਨ ਨੂੰ ਸਫਲ ਬਣਾਉਣ ਲਈ ਲਿਆ। ਇਸ ਨੌਜਵਾਨ ਦਾ ਸੁਫਨਾ ਸੀ ਕਿ ਟਰੇਸੀ ਸ਼ਹਿਰ ਵਿੱਚ ਕੈਲ ਸਟੇਟ ਯੂਨੀਵਰਸਿਟੀ ਆਵੇ ਤਾਂ ਜੋ ਟਰੇਸੀ ਸ਼ਹਿਰ ਅਤੇ ਆਸਪਾਸ ਦੇ ਬੱਚਿਆਂ ਨੂੰ ਹਾਇਅਰ ਐਜੂਕੇਸ਼ਨ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਦੋਂ ਇਹ ਆਪਣੇ ਦੋਸਤ ਅਰਵਿੰਦ ਰਾਮ ਨਾਲ ਉਸਦੀ ਨਵੀਂ ਖ਼ਰੀਦੀ ਟੈਸਲਾ ਕਾਰ ਵਿੱਚ ਜਾ ਰਿਹਾ ਸੀ ਤਾਂ ਇੱਕ ਦੁਰਘਟਨਾਂ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਸਕਿੰਟਾਂ ਵਿੱਚ ਹੀ ਕਾਰ ਸੜਕੇ ਸਵਾਹ ਹੋ ਗਈ ਅਤੇ ਦੋਵੇਂ ਨੌਜਵਾਨ ਕਾਰ ਦੇ ਵਿੱਚੇ ਸੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਟੈਸਲਾ ਕਾਰ ਬੈਟਰੀਆਂ ਤੇ ਚੱਲਦੀ ਹੈ, ਇਸ ਦੇ ਬੈਟਰੀ ਸਿਸਟਮ ਨੂੰ ਸਮਝਣਾ ਹੋਵੇ ਤਾਂ ਇੰਝ ਕਹਿ ਲਓ ਕਿ ਇੱਕ ਇਲੈਕਟ੍ਰਿਕ ਵਾਹਨ, ਬੈਟਰੀ ਪੈਕ ਹਜ਼ਾਰਾਂ ਛੋਟੇ ਲਿਥੀਅਮ-ਆਇਨ ਸੈੱਲਾਂ ਦਾ ਬਣਿਆ ਹੁੰਦਾ ਹੈ। ਇੱਕ ਸਿੰਗਲ ਸੈੱਲ ਇੱਕ ਥੈਲੀ ਜਾਂ ਸਿਲੰਡਰ ਵਰਗਾ ਦਿਖਾਈ ਦਿੰਦਾ ਹੈ ਅਤੇ ਉਹ ਰਸਾਇਣਕ ਹਿੱਸਿਆਂ ਨਾਲ ਭਰਿਆ ਹੁੰਦਾ ਹੈ ਜੋ ਬੈਟਰੀ ਨੂੰ ਊਰਜਾ ਸਟੋਰ ਕਰਨ ਦੇ ਯੋਗ ਬਣਾਉਂਦੇ ਹਨ। ਇੱਕ ਐਨੋਡ, ਇੱਕ ਕੈਥੋਡ ਅਤੇ ਇੱਕ ਤਰਲ ਇਲੈਕਟ੍ਰੋਲਾਈਟ ਸੈੱਲਾਂ ਨੂੰ ਇੱਕ ਬੈਟਰੀ ਪੈਕ ਵਿੱਚ ਇਕੱਠਾ ਕੀਤਾ ਜਾਂਦਾ ਹੈ ਜੋ ਕਿ ਬਹੁਤ ਮਜ਼ਬੂਤ ​​​​ਸਮੱਗਰੀ, ਜਿਵੇਂ ਕਿ ਟਾਈਟੇਨੀਅਮ ਵਿੱਚ ਘਿਰਿਆ ਹੁੰਦਾ ਹੈ ਅਤੇ ਉਸ ਬੈਟਰੀ ਪੈਕ ਨੂੰ ਆਮ ਤੌਰ ‘ਤੇ ਵਾਹਨ ਦੇ ਅੰਡਰਕੈਰੇਜ ਨਾਲ ਜੋੜਿਆ ਜਾਂਦਾ ਹੈ। ਇਸ ਤਰਾਂ ਦੀ ਬਣਤਰ ਬੈਟਰੀ ਨੂੰ ਐਕਸੈਸ ਕਰਨਾ ਲਗਭਗ ਅਸੰਭਵ ਕਰ ਦਿੰਦੀ ਹੈ ਅਤੇ ਇਸ ਦੀ ਬਣਤਰ ਬੜੀ ਮਜ਼ਬੂਤ ਬਣਾਈ ਜਾਂਦੀ ਹੈ ਤਾਂ ਜੋ ਭਿਆਨਕ ਐਕਸੀਡੈਂਟਾ ਦੌਰਾਨ ਵੀ ਬੈਟਰੀਆਂ ਸੁਰੱਖਿਅਤ ਰਹਿਣ ਪਰ ਐਨੀ ਮਜ਼ਬੂਤੀ ਦੇ ਬਾਵਜੂਦ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਟੈਸਲਾ ਦੇ ਡਿਜ਼ਾਈਨ ‘ਤੇ ਸਵਾਲੀਆ ਨਿਸ਼ਾਨ ਜ਼ਰੂਰ ਲਾਉਂਦੀਆਂ ਨੇ। ਟਰੇਸੀ ਵਾਲੇ ਐਕਸੀਡੈਂਟ ਦੌਰਾਨ ਜਿੱਥੇ ਮਾਪਿਆ ਨੇ ਆਪਣੇ ਲਾਡਲੇ ਬੇਟੇ ਅਮਰੀਕ ਸਿੰਘ ਨੂੰ ਗੁਆਇਆ ਓਥੇ ਕਮਿਉਨਟੀ ਇੱਕ ਚੰਗੀ ਸੋਚ ਰੱਖਣ ਵਾਲੇ ਲੀਡਰ ਤੋ ਸੱਖਣੀ ਹੋ ਗਈ। ਪ੍ਰਮਾਤਮਾ ਸਵ. ਅਮਰੀਕ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।