ਘੱਗਰ ਅਤੇ ਸਤਲੁਜ ਦੀ ਮਾਰ ਹੇਠ ਆਏ ਸੈਂਕੜੇ ਪਿੰਡ

ਘੱਗਰ ਅਤੇ ਸਤਲੁਜ ਦੀ ਮਾਰ ਹੇਠ ਆਏ ਸੈਂਕੜੇ ਪਿੰਡ

ਮੌਸਮ ਸਾਫ਼ ਹੋਣ ’ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਆਈ
ਚੰਡੀਗੜ੍ਹ- ਪੰਜਾਬ ’ਚ ਚਾਰ ਦਨਿਾਂ ਮਗਰੋਂ ਮੌਸਮ ਤਾਂ ਸਾਫ਼ ਹੋ ਗਿਆ ਹੈ ਪ੍ਰੰਤੂ ਘੱਗਰ ਅਤੇ ਸਤਲੁਜ ਦਰਿਆ ਦੀ ਤਬਾਹੀ ਦਾ ਪ੍ਰਕੋਪ ਘਟਿਆ ਨਹੀਂ ਹੈ। ਜਲੰਧਰ ਜ਼ਿਲ੍ਹੇ ਵਿਚ ਧੁੱਸੀ ਬੰਨ੍ਹ ’ਚ ਦੋ ਜਗ੍ਹਾ ਤੋਂ ਪਾੜ ਪੈਣ ਨਾਲ ਸ਼ਾਹਕੋਟ ਤੇ ਲੋਹੀਆ ਇਲਾਕੇ ’ਚ ਸੈਂਕੜੇ ਪਿੰਡ ਮਾਰ ਹੇਠ ਆ ਗਏ ਹਨ ਜਦੋਂ ਕਿ ਘੱਗਰ ’ਚ ਅੱਜ ਸਮਾਣਾ ਦੇ ਪਿੰਡ ਬਾਦਸ਼ਾਹਪੁਰ ਲਾਗੇ ਇੱਕ ਨਵਾਂ ਪਾੜ ਪੈਣ ਨਾਲ ਪੰਜਾਬ ਤੇ ਹਰਿਆਣਾ ਦੇ ਸੈਂਕੜੇ ਪਿੰਡਾਂ ਲਈ ਸੰਕਟ ਖੜ੍ਹਾ ਹੋ ਗਿਆ ਹੈ। ਉਂਜ ਘੱਗਰ ਤੇ ਸਤਲੁਜ ਵਿਚ ਪਾਣੀ ਦਾ ਪੱਧਰ ਘਟਿਆ ਹੈ। ਹੁਣ ਤੱਕ ਅੱਠ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਜਦੋਂ ਕਿ ਤਿੰਨ ਲਾਪਤਾ ਦੱਸੇ ਜਾ ਰਹੇ ਹਨ। ਮੀਂਹ ਕਾਰਨ ਕਰੀਬ ਪੰਜ ਲੱਖ ਏਕੜ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ। ਮੌਸਮ ਸਾਫ਼ ਹੋਣ ’ਤੇ ਰਾਹਤ ਕਾਰਜਾਂ ’ਚ ਤੇਜ਼ੀ ਆਈ ਹੈ।
ਮੁਹਾਲੀ ਜ਼ਿਲ੍ਹੇ ਦੀ ਇੱਕ ਪ੍ਰਾਈਵੇਟ ’ਵਰਸਿਟੀ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਹਾਲਾਂਕਿ ਚਿਤਕਾਰਾ ਯੂਨੀਵਰਸਿਟੀ ’ਚੋਂ ਕਰੀਬ 900 ਵਿਦਿਆਰਥੀਆਂ ਨੂੰ ਫ਼ੌਜ ਦੀ ਟੁਕੜੀ ਨੇ ਬਾਹਰ ਕੱਢਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਦੀ ਹਦਾਇਤ ਕੀਤੀ ਹੈ। ਸਰਕਾਰ ਛੇਤੀ ਹੀ ਫ਼ਸਲੀ ਨੁਕਸਾਨ ਦੀ ਗਿਰਦਾਵਰੀ ਕਰਾਉਣ ਦੇ ਰੌਂਅ ਵਿਚ ਹੈ। ਮੋਹਲੇਧਾਰ ਮੀਂਹ ਅਤੇ ਹੜ੍ਹ ਆਉਣ ਕਾਰਨ ਹੁਣ ਤੱਕ ਕਰੀਬ 500 ਪਿੰਡ ਪ੍ਰਭਾਵਿਤ ਹੋਏ ਹਨ ਜਨਿ੍ਹਾਂ ਵਿਚ ਸਭ ਤੋਂ ਵੱਧ ਮੁਹਾਲੀ ਦੇ 268 ਪਿੰਡ, ਰੋਪੜ ਦੇ 140, ਹੁਸ਼ਿਆਰਪੁਰ ਦੇ 25 ਅਤੇ ਮੋਗਾ ਦੇ 30 ਪਿੰਡ ਸ਼ਾਮਲ ਹਨ। ਮੌਸਮ ਵਿਭਾਗ ਨੇ ਭਲਕੇ ਬੁੱਧਵਾਰ ਨੂੰ ਮੌਸਮ ਸਾਫ਼ ਰਹਿਣ ਅਤੇ 13 ਜੁਲਾਈ ਤੋਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਸੰਕਟ ਵਾਲਾ ਸਮਾਂ ਲੰਘ ਚੁੱਕਾ ਹੈ। ਚਾਰ ਦਨਿਾਂ ਦੇ ਮੀਂਹ ਤੋਂ ਝੰਬੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਅਪਰੇਸ਼ਨ ਚੱਲ ਰਹੇ ਹਨ। ਫ਼ੌਜ ਦੀਆਂ ਦਰਜਨ ਟੁਕੜੀਆਂ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੁਹਾਲੀ, ਫ਼ਿਰੋਜ਼ਪੁਰ, ਜਲੰਧਰ ਅਤੇ ਪਠਾਨਕੋਟ ਵਿਚ ਰਾਹਤ ਕਾਰਜਾਂ ’ਚ ਜੁਟੀਆਂ ਹੋਈਆਂ ਹਨ ਜਦੋਂ ਕਿ ਕੌਮੀ ਆਫ਼ਤ ਪ੍ਰਬੰਧਨ ਫੋਰਸ ਦੀਆਂ 14 ਅਤੇ ਐੱਸਡੀਆਰਐੱਫ ਦੀਆਂ ਦੋ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਤਾਇਨਾਤ ਹਨ। ਪੰਜਾਬ ਸਰਕਾਰ ਨੇ ਕਰੀਬ ਨੌਂ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਵੇਰਵਿਆਂ ਅਨੁਸਾਰ ਸਤਲੁਜ ਦਰਿਆ ਦਾ ਪਾਣੀ ਰੋਪੜ ਕੋਲ ਹੁਣ 42 ਹਜ਼ਾਰ ਕਿਊਸਿਕ ਰਹਿ ਗਿਆ ਹੈ ਜੋ 1.80 ਲੱਖ ਕਿਊਸਿਕ ’ਤੇ ਪੁੱਜ ਗਿਆ ਸੀ। ਧੁੱਸੀ ਬੰਨ੍ਹ ’ਤੇ ਸੜਕ ਬਣਾਏ ਜਾਣ ਕਰਕੇ ਨਵਾਂ ਸੰਕਟ ਬਣਿਆ ਹੈ ਅਤੇ ਜਲੰਧਰ ਦੇ ਪਿੰਡ ਗਿੱਦੜ ਪਿੰਡੀ ਕੋਲ ਸਤਲੁਜ ’ਚ ਪਾੜ ਪਿਆ ਹੈ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਵਿਚ ਕਾਲੀ ਵੇਈਂ ਵਿਚ ਪਾੜ ਪਿਆ ਹੈ। ਸ਼ਾਹਕੋਟ ਲੋਹੀਆ ਖੇਤਰ ਦੇ ਕਰੀਬ 50 ਪਿੰਡ ਇਸ ਦੀ ਮਾਰ ਹੇਠ ਆ ਗਏ ਹਨ। ਪਿੰਡ ਗਿੱਦੜ ਪਿੰਡੀ ਪੂਰੀ ਤਰ੍ਹਾਂ ਡੁੱਬ ਗਿਆ ਹੈ। ਸੁਲਤਾਨਪੁਰ ਖ਼ਿੱਤੇ ਦੇ ਦਰਜਨਾਂ ਪਿੰਡ ਪਾਣੀ ’ਚ ਘਿਰੇ ਹੋਏ ਹਨ। ਫਿਲੌਰ ਤੇ ਲੁਧਿਆਣਾ ਵਿਚ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਹਰੀਕੇ ਹੈੱਡ ਤੋਂ ਹੁਣ ਡੇਢ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ’ਚੋਂ ਕਾਫ਼ੀ ਹਿੱਸਾ ਪਾਕਿਸਤਾਨ ਚਲਾ ਜਾਣਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ’ਚ ਕਿਸੇ ਵੇਲੇ ਵੀ ਆਫ਼ਤ ਆ ਸਕਦੀ ਹੈ। ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਪਹੁੰਚਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਘੱਗਰ ’ਚ ਡੇਰਾਬੱਸੀ ਕੋਲ ਹੁਣ ਪਾਣੀ 18 ਹਜ਼ਾਰ ਕਿਊਸਿਕ ਰਹਿ ਗਿਆ ਹੈ ਜਦੋਂ ਕਿ ਇਕ ਦਨਿ ਪਹਿਲਾਂ ਇਹ 1.70 ਲੱਖ ਕਿਊਸਿਕ ਸੀ। ਕੱਲ੍ਹ ਦਾ ਪਾਣੀ ਅੱਜ ਪਟਿਆਲਾ ਪਾਰ ਕਰ ਗਿਆ ਹੈ ਅਤੇ ਇਸੇ ਕਰਕੇ ਪਿੰਡ ਬਾਦਸ਼ਾਹਪੁਰ ਕੋਲ ਪਾੜ ਪਿਆ ਹੈ। ਸੰਗਰੂਰ ਜ਼ਿਲ੍ਹੇ ਵਿਚ ਘੱਗਰ ’ਚ ਪੂਰੀ ਸਮਰੱਥਾ ’ਤੇ ਹੀ ਪਾਣੀ ਚੱਲ ਰਿਹਾ ਹੈ। ਮਾਹਿਰਾਂ ਅਨੁਸਾਰ ਆਮ ਤੌਰ ’ਤੇ ਜੁਲਾਈ ਵਿਚ 160 ਤੋਂ 200 ਐੱਮਐੱਮ ਮੀਂਹ ਔਸਤਨ ਪੈਂਦਾ ਹੈ ਜਦੋਂ ਕਿ ਰੋਪੜ ਤੇ ਮੁਹਾਲੀ ’ਚ ਹੀ ਨੌਂ ਘੰਟਿਆਂ ਵਿਚ 310 ਐਮਐੱਮ ਹੋਈ ਬਾਰਸ਼ ਨੇ ਸਭ ਬੰਨ੍ਹ ਤੋੜ ਦਿੱਤੇ ਹਨ। ਰੋਪੜ ਜ਼ਿਲ੍ਹੇ ’ਚੋਂ ਛੇ ਚੋਆਂ ਦਾ ਕਰੀਬ 75 ਹਜ਼ਾਰ ਕਿਊਸਿਕ ਪਾਣੀ ਵੀ ਸਤਲੁਜ ਵਿਚ ਪਿਆ ਹੈ ਜਿਸ ਦਾ ਕਿਆਸ ਨਹੀਂ ਸੀ। ਭੜਕੇ ਹੋਏ ਕਿਸਾਨ ਹੁਣ ਨਹਿਰਾਂ ਤੋੜਨ ਦੇ ਰਾਹ ਪਏ ਹਨ ਜਿਸ ਕਰਕੇ ਪੁਲੀਸ ਦੀ ਮਦਦ ਲੈਣੀ ਪੈ ਰਹੀ ਹੈ। ਘੱਗਰ ਲਿੰਕ ਨਹਿਰ ਵਿਚ ਚਾਰ ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਜਿਸ ਤੋਂ ਬਚਾਅ ਲਈ ਕਿਸਾਨਾਂ ਨੇ ਪਾੜ ਪਾਉਣ ਦਾ ਯਤਨ ਕੀਤਾ ਜਿਸ ਕਰਕੇ ਪੁਲੀਸ ਸੱਦੀ ਗਈ। ਇਸੇ ਤਰ੍ਹਾਂ ਪਟਿਆਲਾ ਫੀਡਰ ਵਿਚ ਕਿਸਾਨਾਂ ਨੇ ਦੋ ਥਾਵਾਂ ’ਤੇ ਪਾੜ ਪਾ ਦਿੱਤਾ। ਪਤਾ ਲੱਗਣ ’ਤੇ ਪੁਲੀਸ ਬੁਲਾਉਣੀ ਪਈ। ਪਟਿਆਲਾ ਵਿਚ ਵੱਡੀ ਨਦੀ ਨੇ ਵੀ ਤਬਾਹੀ ਮਚਾ ਰੱਖੀ ਹੈ। ਪਟਿਆਲਾ ਸ਼ਹਿਰ ਵਿਚ ਦੁਕਾਨਾਂ ਤੇ ਘਰਾਂ ਵਿਚ ਪਾਣੀ ਭਰ ਗਿਆ ਹੈ। ਅਰਬਨ ਅਸਟੇਟ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਲੁਧਿਆਣਾ ਦੇ ਪਿੰਡ ਖਾਸੀ ਕਲਾਂ ਕੋਲ ਗੰਦੇ ਨਾਲੇ ਦਾ ਪੁਲ ਟੁੱਟ ਗਿਆ ਹੈ ਜਦੋਂ ਕਿ ਨੂਰਪੁਰ ਬੇਦੀ ਕੋਲ ਇੱਕ ਬਰਸਾਤੀ ਖੱਡ ਦਾ ਬੰਨ੍ਹ ਟੁੱਟ ਗਿਆ ਹੈ। ਇਵੇਂ ਹੀ ਸਤਲੁਜ ਯਮੁਨਾ ਲਿੰਕ ਨਹਿਰ ਨੇ ਵੀ ਕਾਫ਼ੀ ਨੁਕਸਾਨ ਕੀਤਾ ਹੈ ਪ੍ਰੰਤੂ ਇਹ ਨਹਿਰ ਨਿਕਾਸੀ ਨਾਲੇ ਵਿਚ ਤਬਦੀਲ ਹੋਣ ਕਰਕੇ ਫ਼ਤਿਹਗੜ੍ਹ ਸਾਹਿਬ ਅਤੇ ਮੋਰਿੰਡਾ ਵਿਚ ਭਾਰੀ ਤਬਾਹੀ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਸਰਕਾਰ ਮੀਹਾਂ ਦੌਰਾਨ ਮੌਤ ਦੇ ਮੂੰਹ ਜਾ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ ਅਤੇ ਪ੍ਰਭਾਵਿਤ ਹੋਏ ਪੱਕੇ ਮਕਾਨਾਂ ਦੇ ਮਾਲਕਾਂ ਨੂੰ 1.20 ਲੱਖ ਰੁਪਏ ਦਿੱਤਾ ਜਾਵੇਗਾ।