ਮਹਿਲਾ ਕ੍ਰਿਕਟ: ਰੋਮਾਂਚਕ ਮੁਕਾਬਲੇ ’ਚ ਭਾਰਤ ਨੇ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾਇਆ

ਮਹਿਲਾ ਕ੍ਰਿਕਟ: ਰੋਮਾਂਚਕ ਮੁਕਾਬਲੇ ’ਚ ਭਾਰਤ ਨੇ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾਇਆ

ਮੀਰਪੁਰ- ਭਾਰਤ ਦੀ ਮਹਿਲਾ ਟੀਮ ਨੇ ਅੱਜ ਇੱਥੇ ਰੋਮਾਂਚਕ ਮੈਚ ਵਿੱਚ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ 2-0 ਨਾਲ ਜੇਤੂ ਲੀਡ ਲੈ ਲਈ ਹੈ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ ਸਿਰਫ 95 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਖ਼ਿਲਾਫ਼ ਭਾਰਤ ਦਾ ਇਹ ਸਭ ਤੋਂ ਘੱਟ ਸਕੋਰ ਹੈ। ਭਾਰਤ ਵੱਲੋਂ ਸਭ ਤੋਂ ਵੱਧ 19 ਦੌੜਾਂ ਸ਼ੈਫਾਲੀ ਵਰਮਾ ਨੇ ਬਣਾਈਆਂ। ਇਸ ਤੋਂ ਇਲਾਵਾ ਅਮਨਜੋਤ ਕੌਰ ਨੇ 14, ਸਮ੍ਰਿਤੀ ਮੰਧਾਨਾ ਨੇ 13, ਯਸਤਿਕਾ ਭਾਟੀਆ ਨੇ 11, ਦੀਪਤੀ ਸ਼ਰਮਾ ਨੇ 10 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਪਹਿਲੀ ਗੇਂਦ ’ਤੇ ਹੀ ਵਿਕਟ ਗੁਆ ਬੈਠੀ। ਬੰਗਲਾਦੇਸ਼ ਦੀ ਆਫ ਸਪਿੰਨਰ ਸੁਲਤਾਨਾ ਖਾਤੂਨ ਨੇ ਕਰੀਅਰ ਦੀ ਸਰਬੋਤਮ ਗੇਂਦਬਾਜ਼ੀ ਕਰਦਿਆਂ 21 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਾਹਿਮਾ ਖਾਤੂਨ ਨੇ ਦੋ ਅਤੇ ਮਾਰੂਫ ਅਖਤਰ, ਨਾਹਿਦਾ ਅਖਤਰ ਤੇ ਰਾਬੀਆ ਖਾਨ ਨੇ ਇੱਕ-ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 87 ਦੌੜਾਂ ਹੀ ਬਣਾ ਸਕੀ। ਆਖਰੀ ਓਵਰਾਂ ਤੱਕ ਬੰਗਲਾਦੇਸ਼ ਦੀ ਟੀਮ ਭਾਰਤ ਨਾਲੋਂ ਅੱਗੇ ਜਾਪ ਰਹੀ ਸੀ ਪਰ ਆਖਰੀ ਓਵਰ ਵਿੱਚ ਤਿੰਨ ਵਿਕਟਾਂ ਲੈ ਕੇ ਭਾਰਤ ਨੇ ਮੁਕਾਬਲਾ ਜਿੱਤ ਲਿਆ। ਬੰਗਲਾਦੇਸ਼ ਲਈ ਕਪਤਾਨ ਨਿਗਾਰ ਸੁਲਤਾਨਾ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਤੀ ਸ਼ਰਮਾ ਤੇ ਸ਼ੈਫਾਲੀ ਨੇ ਤਿੰਨ-ਤਿੰਨ, ਮੀਨੂ ਮਨੀ ਨੇ ਦੋ ਅਤੇ ਬੀ. ਅਨੁੂਸ਼ਾ ਨੇ ਇੱਕ ਵਿਕਟ ਲਈ।