ਆਈਸੀਸੀ ਟੀ-20 ਦਰਜਾਬੰਦੀਵਿੱਚ ਹਰਮਨਪ੍ਰੀਤ ਸਿਖਰਲੇ ਦਸ ’ਚ ਸ਼ਾਮਲ

ਆਈਸੀਸੀ ਟੀ-20 ਦਰਜਾਬੰਦੀਵਿੱਚ ਹਰਮਨਪ੍ਰੀਤ ਸਿਖਰਲੇ ਦਸ ’ਚ ਸ਼ਾਮਲ

ਦੁਬਈ: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖਿਲਾਫ਼ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ਵਿੱਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਲੰਘੇ ਦਨਿ ਜਾਰੀ ਆਈਸੀਸੀ ਮਹਿਲਾ ਟੀ-20 ਕੌਮਾਂਤਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰਲੇ 10 ਵਿੱਚ ਵਾਪਸੀ ਕੀਤੀ ਹੈ। ਹਰਮਨਪ੍ਰੀਤ ਨੇ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 35 ਗੇਂਦਾਂ ਵਿੱਚ ਨਾਬਾਦ 54 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਉਹ ਚਾਰ ਸਥਾਨਾਂ ਦੇ ਫਾਇਦੇ ਨਾਲ 10ਵੇਂ ਸਥਾਨ ’ਤੇ ਪਹੁੰਚ ਗਈ ਹੈ। ਆਸਟਰੇਲੀਆ ਦੀ ਤਾਹਲੀਆ ਮੈਕਗ੍ਰਾਹ 784 ਅੰਕਾਂ ਨਾਲ ਸਿਖਰ ’ਤੇ ਚੱਲ ਰਹੀ ਹੈ ਜਦੋਂਕਿ ਦੂਜਾ ਨੰਬਰ ਉਸ ਦੀ ਸਾਥੀ ਬੈੱਥ ਮੂਨੀ (777) ਦਾ ਹੈ। ਸਮ੍ਰਿਤੀ ਮੰਧਾਨਾ (728), ਸੋਫੀ ਡਿਵਾਈਨ (683) ਤੇ ਸੂਜੀ ਬੈਟਸ (677) ਸਿਖਰਲੇ ਪੰਜ ਵਿੱਚ ਸ਼ਾਮਲ ਹੋਰ ਖਿਡਾਰਨਾਂ ਹਨ। ਬੰਗਲਾਦੇਸ਼ ਖਿਲਾਫ਼ ਪਹਿਲੇ ਮੈਚ ਵਿਚ ਕਿਫਾਇਤੀ ਗੇਂਦਬਾਜ਼ੀ ਕਰਨ ਵਾਲੀ ਦੀਪਤੀ ਸ਼ਰਮਾ ਗੇਂਦਬਾਜ਼ਾਂ ਦੀ ਸੂਚੀ ਵਿੱਚ 733 ਅੰਕਾਂ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ ਹੈ।