ਸੰਸਦ ਮੈਂਬਰ ਵੱਲੋਂ ਮਨਰੇਗਾ ਮਜ਼ਦੂਰਾਂ ਨਾਲ ਮੁਲਾਕਾਤ

ਸੰਸਦ ਮੈਂਬਰ ਵੱਲੋਂ ਮਨਰੇਗਾ ਮਜ਼ਦੂਰਾਂ ਨਾਲ ਮੁਲਾਕਾਤ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸੰਗਰੂਰ-ਪਟਿਆਲਾ ਹਾਈਵੇਅ ’ਤੇ ਪਿੰਡ ਘਾਬਦਾਂ ਦੇ ਨੇੜੇ ਕੰਮ ਕਰ ਰਹੇ ਮਨਰੇਗਾ ਦੇ ਮਜ਼ਦੂਰਾਂ ਕੋਲ ਪੁੱਜੇ। ਇਸ ਦੌਰਾਨ ਸ੍ਰੀ ਮਾਨ ਨੇ ਮਜ਼ਦੂਰਾਂ ਤੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਮੰਗਾਂ ਬਾਰੇ ਜਾਣਿਆ ਤੇ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ| ਸ੍ਰੀ ਮਾਨ ਵੱਲੋਂ ਅਚਾਨਕ ਆ ਕੇ ਹਾਲ-ਚਾਲ ਪੁੱਛਣ ’ਤੇ ਮਜ਼ਦੂਰ ਖੁਸ਼ ਹੋਏ ਅਤੇ ਉਨ੍ਹਾਂ ਨਾਲ ਕਾਫ਼ੀ ਸਮਾਂ ਗੱਲਾਂ ਕੀਤੀਆਂ| ਇਸ ਮੌਕੇ ਸ੍ਰੀ ਮਾਨ ਨੇ ਕਿਹਾ ਕਿ ਕੱਚੇ ਮਕਾਨ ਨੂੰ ਪੱਕਾ ਕਰਵਾਉਣ ਲਈ, ਕੈਂਸਰ ਤੇ ਗੁਰਦੇ ਖ਼ਰਾਬ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਲਈ ਆਰਥਿਕ ਸਹਾਇਤਾ ਵਾਸਤੇ, ਲੋੜਵੰਦ ਲੜਕੀਆਂ ਦੇ ਵਿਆਹ ਵਾਸਤੇ ਜਾਂ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਕੋਈ ਵੀ ਲੋੜ ਹੋਵੇ ਤਾਂ ਉਨ੍ਹਾਂ ਨਾਲ ਕੋਈ ਵੀ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ| ਇਸ ਮੌਕੇ ਗੁਰਨੈਬ ਸਿੰਘ ਰਾਮਪੁਰਾ, ਹਰਿੰਦਰ ਸਿੰਘ ਔਲਖ, ਨਰਿੰਦਰ ਸਿੰਘ ਕਾਲਾਬੂਲਾ, ਜਸਪ੍ਰੀਤ ਸਿੰਘ ਬਾਲੀਆਂ, ਸਤਨਾਮ ਸਿੰਘ ਰੱਤੋਕੇ ਆਦਿ ਹਾਜ਼ਰ ਸਨ|