ਝਬਾਲ ਦਾ ਸੂਬੇਦਾਰ ਕੁਲਦੀਪ ਸਿੰਘ ਜੰਮੂ ’ਚ ਹੋਇਆ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਝਬਾਲ ਦਾ ਸੂਬੇਦਾਰ ਕੁਲਦੀਪ ਸਿੰਘ ਜੰਮੂ ’ਚ ਹੋਇਆ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਝਬਾਲ – ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਡਿਊਟੀ ਦੌਰਾਨ ਤੇਜ਼ ਪਾਣੀ ਦੇ ਵਹਾਅ ਵਿਚ ਰੁੜ ਰਹੇ ਆਪਣੇ ਸਾਥੀ ਜਵਾਨ ਨੂੰ ਬਚਾਉਣ ਸਮੇਂ ਤੇਜ਼ ਪਾਣੀ ਵਿਚ ਡੁੱਬ ਕੇ ਸ਼ਹੀਦ ਹੋਏ ਝਬਾਲ ਨੇੜੇ ਪਿੰਡ ਸਵਰਗਾਪੂਰੀ ਦੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਤਰੰਗੇ ਵਿਚ ਲਪੇਟੀ ਮ੍ਰਿਤਕ ਦੇਹ ਅੱਜ ਫ਼ੌਜ ਦੇ ਜਵਾਨ ਮੇਜਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਲੈ ਕੇ ਪਹੁੰਚੇ। ਪਿੰਡ ਪਹੁੰਚਣ ‘ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਸ਼ਹੀਦ ਦੀ ਗੱਡੀ ਨੂੰ ਰੋਕ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਸਮੇਂ ਫ਼ੌਜ ਦੀ ਟੁਕੜੀ ਨੇ ਮੇਜਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਸਲਾਮੀ ਦਿੱਤੀ। ਸ਼ਹੀਦ ਕੁਲਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਸਾਧੂ ਸਿੰਘ ਨੇ ਦਿੱਤੀ।
ਇਸ ਸਮੇਂ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਐੱਸ. ਐੱਚ. ਓ. ਕੇਵਲ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ, ਕੁਲਦੀਪ ਸਿੰਘ ਰੰਧਾਵਾ, ਸੋਸ਼ਲ ਮੀਡੀਆ ਕੋਆਰਡੀਨੇਟਰ ਮਾਣਕ ਸਿੰਘ ਹੈਪੀ ਢਿੱਲੋਂ, ਵਸੀਕਾ ਬੰਟੀ ਸੂਦ , ਚੇਅਰਮੈਨ ਖਾਲੜਾ ਮਿਸ਼ਨ ਬਲਵਿੰਦਰ ਸਿੰਘ ਝਬਾਲ, ਸਾਬਕਾ ਸਰਪੰਚ ਜਤਿੰਦਰ ਸਿੰਘ ਬਘੇਲ ਸਿੰਘ ਵਾਲਾ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਨੰਬਰਦਾਰ ਬਲਬੀਰ ਸਿੰਘ, ਕੁਲਵਿੰਦਰ ਸਿੰਘ ਸਵਰਗਾਪੁਰੀ, ਪੂਰਨ ਸਿੰਘ ਝਬਾਲ, ਸਾਬਕਾ ਸਰਪੰਚ ਜਸਬੀਰ ਸਿੰਘ, ਸਰਪੰਚ ਪ੍ਰਗਟ ਸਿੰਘ ਮਲਵਈ, ਅਰਵਿੰਦਰ ਸਿੰਘ ਰਾਜੁ, ਪ੍ਰਧਾਨ ਗੁਰਵਿੰਦਰ ਸਿੰਘ ਫ਼ੌਜੀ, ਸਰਪੰਚ ਜਗਤਾਰ ਸਿੰਘ ਜੱਗਾ, ਗੁਰਵਿੰਦਰ ਸਿੰਘ ਬਾਬਾ ਲੰਗਾਹ, ਗੁਰਜੀਤ ਸਿੰਘ ਸੋਨੀ ਬਾਬਾ, ਮਹਿੰਦਰ ਸਿੰਘ ਪਤਾਸਿਆਂ ਵਾਲੇ, ਗੁਰਪਿੰਦਰ ਸਿੰਘ ਨਾਥੂ, ਅਮਨ ਸਵਰਗਾਪੁਰੀ, ਸ਼ਹੀਦ ਦੀ ਪਤਨੀ ਸਵਿੰਦਰ ਕੌਰ ਤੇ ਬੱਚੇ ਹਾਜ਼ਰ ਸਨ।